ਗੁਰਦਾਸਪੁਰ, 17 ਸਤੰਬਰ (ਮੰਨਣ ਸੈਣੀ)। ਸ਼੍ਰੀ ਰਾਮ ਲੀਲਾ ਦੇ ਮੰਚ ਉੱਪਰ ਹੁਣ ਗੈਰ ਧਾਰਮਿਕ ਪ੍ਰੋਗਰਾਮ ਨਹੀਂ ਹੋਣਗੇਂ ਅਤੇ ਕਿਸੇ ਵੀ ਪ੍ਰਕਾਰ ਦੀ ਬੇਅਦਬੀ ਕਰਨ ਦੀ ਸੂਰਤ ਵਿੱਚ 295 ਅਤੇ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪਾਬੰਦੀ ਸਬੰਧੀ ਇਹ ਨਿਰਦੇਸ਼ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਵੱਖ ਵੱਖ ਧਾਰਮਿਕ ਜੱਥੇਬੰਦੀਆਂ ਤੋਂ ਪ੍ਰਾਪਤ ਕੀਤੇ ਗਏ ਮੰਗ ਪੱਤਰ ਤੋਂ ਬਾਅਦ ਜਾਰੀ ਕੀਤੇ ਗਏ ਹਨ।
ਆਦੇਸ਼ਾ ਵਿੱਚ ਕਿਹਾ ਗਿਆ ਹੈ ਕਿ ਵੱਖ ਵੱਖ ਧਾਰਮਿਕ ਜਥੇਬੰਦੀਆਂ ਦੀ ਮੰਗ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੀ ਰਾਮ ਲੀਲਾ ਪੂਰੇ ਧਾਰਮਿਕ ਮਰਿਆਦਾ ਅਤੇ ਸ਼ਰਧਾ ਭਾਵਨਾ ਨਾਲ ਕਰਵਾਈ ਜਾਵੇ। ਸ਼੍ਰੀ ਰਾਮ ਲੀਲਾ ਦੇ ਮੰਚ ਉਤੇ ਕੋਈ ਵੀ ਗੈਰ ਧਾਰਮਿਕ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ, ਜਿਵੇ ਕਮੇਡੀ, ਗਾਣਾ, ਨਾਟਕ ਆਦਿ ਸਿਰਫ਼ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਦੀ ਜੀਵਨ ਲੀਲਾ ਹੀ ਦਿਖਾਈ ਜਾਵੇ। ਸ਼੍ਰੀ ਰਾਮ ਲੀਲਾ ਵਿੱਚ ਕੋਈ ਵੀ ਫਿਲਮੀ ਗਾਣਾ ਨਹੀਂ ਹੋਣਾ ਚਾਹੀਦਾ ਜਿਸਦੇ ਨਾਲ ਧਾਰਮਿਕ ਜਜਬਾਤਾਂ ਨੂੰ ਠੇਸ ਪਹੁੰਚਦੀ ਹੋਵੇ। ਜੇਕਰ ਡਾਂਸ ਦੀ ਜਰੂਰਤ ਹੈ, ਉਹ ਵੀ ਮਰਿਆਦਾ ਪੂਰਵਕ ਕਰਵਾਇਆ ਜਾਵੇ। ਰਾਵਨ ਦਰਬਾਰ ਵਿੱਚ ਕੋਈ ਵੀ ਨਸ਼ਾ, ਸ਼ਰਾਬ, ਸਿਰਗੇਟ ਆਦਿ ਨਾ ਹੋਵੇ। ਕੋਈ ਵੀ ਐਕਟਰ ਮਰਿਆਦਾ ਤੋਂ ਬਾਹਰ ਹੋ ਕੇ ਕੰਮ ਨਾ ਕਰਨ। ਪ੍ਰਬੰਧਕਾਂ ਦਾ ਮੰਚ ਉੱਤੇ ਪੂਰਾ ਕੰਟਰੋਲ ਹੋਵੇ, ਸ਼ਰਧਾਲੂਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ।
ਇਸ ਸਬੰਧ ਵਿੱਚ ਪ੍ਰਬੰਧਕ ਬਿਆਨ ਹਲਫੀਆ ਆਪਣੀ ਫਾਈਲ ਨਾਲ ਸ਼ਾਮਲ ਕਰਨਾ ਯਕੀਨੀ ਬਣਾਏਗਾ ਅਤੇ ਜੇਕਰ ਰਾਮ ਲੀਲਾ ਜਾਂ ਦੁਸ਼ਹਿਰੇ ਦੌਰਾਨ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਪ੍ਰਬੰਧਕ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਧਾਰਮਿਕ ਜੱਥੇਬੰਦੀਆ ਤੋਂ ਪ੍ਰਾਪਤ ਮੰਗ ਪੱਤਰ ਸਬੰਧਿਤ ਅਧਿਕਾਰੀਆਂ ਨੂੰ ਵੀ ਭੇਜ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸਮੂਹ ਉਪ ਮੰਡ਼ਲ ਮੈਜਿਸਟਰੇਟ/ ਸਹਾਇਕ ਕਮਿਸ਼ਨਰ(ਜ) ਅਤੇ ਫੁਟਕਲ ਸਹਾਇਕ ਮਨਜੂਰੀ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਗੇ ਕਿ ਲੋੜੀਦਾ ਹਲਫਨਾਮਾ ਅਰਜੀ ਨਾਲ ਸ਼ਾਮਲ ਹੋਵੇ ਜਿਸ ਤੋਂ ਬਾਅਦ ਹੀ ਸ਼੍ਰੀ ਰਾਮ ਲੀਲਾ ਦੀ ਮੰਜੂਰੀ ਜਾਰੀ ਕੀਤੀਆਂ ਸ਼ਰਤਾ ਐਨ.ਓ.ਸੀ ਵਿੱਚ ਸ਼ਾਮਿਲ ਕਰਨਾ ਯਕੀਨਾ ਬਣਾਉਣ।