ਚੰਡੀਗੜ੍ਹ, ਸਤੰਬਰ 17 (ਦਾ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆ’ ਨੂੰ ਮਾਨ ਸਰਕਾਰ ਮਹਿਜ ਪ੍ਰਚਾਰ ਦਾ ਮਾਧਿਅਮ ਬਣਾ ਕੇ ਵਰਤ ਰਹੀ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕਰ ਸੂਬੇ ਦੀਆਂ ਮਾਣਮੱਤੀਆਂ ਖੇਡਾਂ ਨੂੰ ਇਮਾਨਦਾਰੀ ਨਾਲ ਕਰਾਉਣ ਦੀ ਬਜਾਏ ਕੇਵਲ ਸਟੇਜ ਡਰਾਮਾ ਬਣਾਇਆਂ ਹੈ ।
ਬਾਜਵਾ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਦੀਆਂ ਖੇਡਾਂ ਪ੍ਰਤੀ ਪੂਰੀ ਤਰ੍ਹਾਂ ਢਿੱਲਮੱਠ ਵਾਲਾ ਰਵੱਈਆ ਅਪਣਾਇਆ ਹੋਇਆ ਹੈ । ਉਨ੍ਹਾਂ ਅੱਗੇ ਕਿਹਾ ‘ਆਪ’ ਸਰਕਾਰ ਦੀ ਖੇਡਾਂ ਪ੍ਰਤੀ ਉਦਾਸੀਨ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਕਰਵਾਉਣ ਲਈ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਨੂੰ ਫੰਡ ਜ਼ਾਰੀ ਨਹੀਂ ਕੀਤੇ ਗਏ । ਸਿੱਟੇ ਵਜੋਂ ਸਰਕਾਰ ਦੇ ਪ੍ਰੋਗਰਾਮਾਂ ਨੂੰ ਜ਼ਾਰੀ ਰੱਖਣ ਲਈ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਯੋਗਦਾਨ ਪਾਉਣ ਲਈ ਮਜਬੂਰ ਹੋਣਾ ਪਿਆ ।
ਬਾਜਵਾ ਨੇ ਕਿਹਾ ਕਿ ਮੁਕਤਸਰ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਖੇਡਾਂ ਕਰਵਾਉਣ ਲਈ ਅਥਾਰਟੀ ਤੋਂ ਹਦਾਇਤਾਂ ਮਿਲੀਆਂ ਹਨ, ਫਿਰ ਵੀ ਕੋਈ ਫੰਡ ਜ਼ਾਰੀ ਨਹੀਂ ਕੀਤਾ ਗਿਆ । ਇਸ ਤੋਂ ਬਾਅਦ ਹਰੇਕ ਸਕੂਲ ਨੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ, ਟਰਾਂਸਪੋਰਟੇਸ਼ਨ, ਇਨਾਮ ਅਤੇ ਹੋਰ ਪ੍ਰਬੰਧਾਂ ਲਈ 5000 ਰੁਪਏ ਦਾ ਯੋਗਦਾਨ ਦਿੱਤਾ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਦੋਂ ਤੱਕ ਅਧਿਆਪਕ ਖੇਡਾਂ ਦੇ ਆਯੋਜਨ ਲਈ ਇਸ ਤਰ੍ਹਾਂ ਕੰਮ ਕਰਦੇ ਰਹਿਣਗੇ, ਅਸਲੀਅਤ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਪ੍ਰਤੀ ਚਿੰਤਤ ਨਹੀਂ ਹੈ । ਬਾਜਵਾ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸਮਾਗਮ ‘ਤੇ ਖਰਚ ਕੀਤੇ ਗਏ ਫੰਡ ਪ੍ਰਾਇਮਰੀ ਸਕੂਲਾਂ ਦੇ ਪ੍ਰਤਿਭਾਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਾਨ ਕੀਤੇ ਜਾ ਸਕਦੇ ਸਨ ।
ਉਨ੍ਹਾਂ ਕਿਹਾ ਕਿ ਸੂਬੇ ਦੇ ਬਾਕੀ ਪ੍ਰਾਇਮਰੀ ਸਕੂਲਾਂ ਨੂੰ ਵੀ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਨੂੰ ਖੇਡਾਂ ਦਾ ਬੁਨਿਆਦੀ ਢਾਂਚਾ ਜਿਵੇਂ ਕਿ ਵਰਦੀਆਂ, ਟਰੇਨਰ ਅਤੇ ਖੇਡਾਂ ਦਾ ਸਾਮਾਨ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ । ਅਜਿਹੀ ਸਥਿਤੀ ਵਿੱਚ ਅਸੀਂ ਉਨ੍ਹਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਦੀ ਉਮੀਦ ਕਿਵੇਂ ਕਰ ਸਕਦੇ ਹਾਂ ?
ਬਾਜਵਾ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਗੜ੍ਹਸ਼ੰਕਰ ਦੇ ਸਰਕਾਰੀ ਸਕੂਲ ਦੇ ਬੱਚੇ ਪਖ਼ਾਨੇ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ । ਅਜਿਹਾ ਲੱਗਦਾ ਹੈ ਕਿ ਸਕੂਲਾਂ ਨੂੰ ਸਫ਼ਾਈ ਕਾਰਜਾਂ ਨੂੰ ਚਲਾਉਣ ਲਈ ਵੀ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ । ਸਰਕਾਰੀ ਸਕੂਲਾਂ ਦੇ ਬੱਚੇ ਪਖ਼ਾਨੇ ਸਾਫ਼ ਕਰਨ ਲਈ ਮਜ਼ਬੂਰ ਹਨ। ਕੀ ਇਹੀ ਹੈ ‘ਆਪ’ ਦਾ ਦਿੱਲੀ ਸਿੱਖਿਆ ਮਾਡਲ ਜੋ ਪੰਜਾਬ ‘ਚ ‘ਆਪ’ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ?