ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਦੇਸ਼

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਬੀ.ਐੱਸ.ਐੱਫ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਰਹੱਦੀ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਬੀ.ਐੱਸ.ਐੱਫ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਰਹੱਦੀ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ
  • PublishedSeptember 17, 2022

ਸਰਹੱਦ ਨੇੜੇ ਹੁੰਦੀ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੀ ਸੂਚਨਾ ਤੁਰੰਤ 112 ਨੰਬਰ ’ਤੇ ਦਿੱਤੀ ਜਾਵੇ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 17 ਸਤੰਬਰ ( ਮੰਨਣ ਸੈਣੀ ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸਰਹੱਦ ਪਾਰੋਂ ਹੁੰਦੀ ਨਸ਼ੇ ਤੇ ਹਥਿਆਰਾਂ ਦੀ ਤਸਕਰੀ, ਡਰੋਨ ਦੀ ਗਤੀਵਿਧੀ ਅਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਬੀ.ਐੱਸ.ਐੱਫ. ਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਕਿਹਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬੀ.ਐੱਸ.ਐੱਫ ਦੀ 58 ਬਟਾਲੀਅਨ ਦੇ ਕਮਾਂਡਿਟ ਸ੍ਰੀ ਐੱਨ. ਗਾਂਗੁਲੀ, ਸੈਕੰਡ-ਇਨ ਕਮਾਂਡ ਸ੍ਰੀ ਸੁਖਦੇਵ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਵਿਰਕਮਜੀਤ ਸਿੰਘ, ਡੀ.ਐੱਸ.ਪੀ. ਮੰਗਲ ਸਿੰਘ, ਡੀ.ਡੀ.ਪੀ.ਓ ਸ੍ਰੀ ਸੰਦੀਪ ਮਲਹੋਤਰਾ, ਨਾਇਬ ਤਹਿਸੀਲਦਾਰ ਦੀਨਾਨਗਰ ਅਭਿਸ਼ੇਕ ਵਰਮਾਂ, ਬੀ.ਡੀ.ਪੀ.ਓ. ਦੋਰਾਂਗਲਾ ਤੀਰਥ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਦੌਰਾਂਗਲਾ ਬਲਾਕ ਦੇ ਸਰਹੱਦ ਨਾਲ ਲੱਗਦੇ ਪਿੰਡਾਂ ਸਲਾਚ, ਹਸਨਪੁਰ, ਇਸਲਾਮਪੁਰ ਅਤੇ ਤਾਜਪੁਰ ਵਿਖੇ ਮੀਟਿੰਗਾਂ ਕਰਕੇ ਇਨ੍ਹਾਂ ਪਿੰਡਾਂ ਤੋਂ ਇਲਾਵਾ ਬਹਾਦਰਪੁਰ, ਚੌਂਤਰਾ, ਮੁਰਾਦਪੁਰ, ਮਿਰਜਾਪੁਰ, ਨਿੱਥਰ, ਠਾਕੁਰਪੁਰ, ਵਜ਼ੀਰਪੁਰ ਜੱਟਾਂ, ਲਾਲੂਚੱਕ, ਸੰਦਲਪੁਰ, ਮਨਸੂਰਾ, ਸਮਸ਼ੇਰਪੁਰਾ, ਚੱਕਰੀ, ਮੈਨੀ ਮਿਲਾਹ, ਮਲੂਕ ਚੱਕ, ਨਡਾਲਾ ਠੁੰਡੀ, ਗੁੰਜੀਆਂ, ਝੰਡੇ, ਚੱਕ ਰਾਜਾ ਹਕੀਮਪੁਰ ਅਤ ਮੱਦੇਪੁਰ ਦੇ ਵਸਨੀਕਾਂ ਅਤੇ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਉਹ ਸਰਹੱਦ ਨੇੜੇ ਹੁੰਦੀ ਹਰ ਨਿੱਕੀ ਤੋਂ ਨਿੱਕੀ ਹਰਕਤ ’ਤੇ ਤਿੱਖੀ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਡਿਫੈਂਸ ਕਮੇਟੀਆਂ ਦੇ ਨਾਲ ਸਰਹੱਦੀ ਪਿੰਡਾਂ ਦਾ ਹਰ ਨਾਗਰਿਕ ਸਰਹੱਦ ਪਾਰੋਂ ਹੁੰਦੀ ਨਸ਼ੇ ਤੇ ਹਥਿਆਰਾਂ ਦੀ ਤਸਕਰੀ, ਡਰੋਨ ਦੀ ਗਤੀਵਿਧੀ ਅਤੇ ਗੈਰ ਕਾਨੂੰਨੀ ਮਾਈਨਿੰਗ ਸਬੰਧੀ ਪੂਰੀ ਤਰਾਂ ਚੌਕਸ ਰਹੇ ਅਤੇ ਜਦੋਂ ਵੀ ਉਨ੍ਹਾਂ ਨੂੰ ਅਜਿਹੀ ਕਿਸੇ ਦੇਸ਼ ਵਿਰੋਧੀ ਗਤੀਵਿਧੀ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਇਸਦੀ ਜਾਣਕਾਰੀ 112 ਨੰਬਰ ’ਤੇ ਦਿੱਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਬੀ.ਐੱਸ.ਐੱਫ. ਦੇ ਜਵਾਨ ਦਿਨ ਰਾਤ ਸਰਹੱਦ ’ਤੇ ਸਾਡੀ ਸੁਰੱਖਿਆ ਲਈ ਖੜ੍ਹੇ ਹਨ ਅਤੇ ਸਾਨੂੰ ਵੀ ਆਪਣੇ ਦੇਸ਼ ਦੀ ਸੁਰੱਖਿਆ ਲਈ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਘੁੰਮਦੇ  ਅਣਪਛਾਤੇ ਵਿਅਕਤੀਆਂ ਉੱਪਰ ਨਜ਼ਰ ਰੱਖੀ ਜਾਵੇ ਅਤੇ ਇਸ ਦੀ ਸੂਚਨਾ ਬੀ.ਐੱਸ.ਐੱਫ ਤੇ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁਸ਼ਮਣ ਦੇਸ਼ ਨੇ ਹੁਣ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਲਈ ਡਰੋਨ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਸਾਨੂੰ ਜਦੋਂ ਵੀ ਡਰੋਨ ਦੀ ਅਵਾਜ਼ ਸੁਣਾਈ ਦੇਵੇ ਤਾਂ ਇਸਦੀ ਸੂਚਨਾ ਵੀ ਤੁਰੰਤ 112 ਨੰਬਰ ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਸ਼ਨਾਖਤ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਦੇ ਆਈ.ਜੀ. ਵੱਲੋਂ ਤਾਂ ਨਸ਼ੇ ਜਾਂ ਹਥਿਆਰਾਂ ਦੀ ਖੇਪ ਫੜਾਉਣ ਵਿੱਚ ਸਹਿਯੋਗ ਕਰਨ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਸਰਗਰਮੀ ਨਾਲ ਕੰੰਮ ਕਰਨਗੀਆਂ ਅਤੇ ਇਸ ਵਿੱਚ ਪਿੰਡ ਦਾ ਨੰਬਰਦਾਰ, ਸਰਪੰਚ, ਚੌਂਕੀਦਾਰ ਅਤੇ ਹੋਰ ਮੋਹਤਬਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਹਰ ਮਹੀਨੇ ਡਿਫੈਂਸ ਕਮੇਟੀਆਂ ਦੇ ਕੰਮ ਦਾ ਰੀਵਿਊ ਵੀ ਕੀਤਾ ਜਾਵੇਗਾ ਅਤੇ ਜਿਹੜੀਆਂ ਕਮੇਟੀਆਂ ਵਧੀਆ ਕੰਮ ਕਰਨਗੀਆਂ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਸਰਹੱਦੀ ਪਿੰਡਾਂ ਦੇ ਵਸਨੀਕਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਵਿਕਾਸ ਸਬੰਧੀ ਮੁਸ਼ਕਲਾਂ ਵੀ ਸੁਣੀਆਂ ਅਤੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਅਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ।

ਇਸੇ ਦੌਰਾਨ ਸਰਹੱਦੀ ਪਿੰਡਾਂ ਦੇ ਵਸਨੀਕਾਂ ਅਤੇ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੇ ਪੂਰਨ ਭਰੋਸਾ ਦਿੱਤਾ ਕਿ ਉਹ ਦੇਸ਼ ਦੀ ਸੁਰੱਖਿਆ ਲਈ ਪੂਰੀ ਤਰਾਂ ਚੌਕਸ ਰਹਿਣਗੇ ਅਤੇ ਬੀ.ਐੱਸ.ਐੱਫ, ਪੁਲਿਸ ਤੇ ਪ੍ਰਸ਼ਾਸਨ ਨੂੰ ਹਰ ਤਰਾਂ ਦਾ ਸਹਿਯੋਗ ਦੇਣਗੇ।

Written By
The Punjab Wire