ਤਲਾਸ਼ੀ ਦੌਰਾਨ ਇੱਕ ਘਰ ਵਿਚੋਂ 10 ਗ੍ਰਾਮ ਹੈਰੋਇਨ ਬਰਾਂਮਦ
ਗੁਰਦਾਸਪੁਰ, 17 ਸਤੰਬਰ ( ਮੰਨਣ ਸੈਣੀ )। ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਵੱਲੋਂ ਨਸ਼ਾ ਸਮੱਗਰਲਰਾਂ ਅਤੇ ਮਾੜੇ ਅਨਸਰਾਂ ਖਿਲਾਫ ਸੁਰੂ ਕੀਤੇ ਗਏ ਕਾਰਡਨ ਐਂਡ ਸਰਚ ਓਪਰੇਸ਼ਨ ਤਹਿਤ ਐਸ.ਐਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਆਈ.ਪੀ.ਐੱਸ. ਦੀ ਨਿਗਰਨੀ ਹੇਠ ਅੱਜ ਗੁਰਦਾਸਪੁਰ ਪੁਲਿਸ ਵੱਲੋਂ 11 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਪਿੰਡ ਅਵਾਖਾਂ ਵਿਖੇ ਸਪੈਸ਼ਲ ਕਾਰਡਨ ਐਂਡ ਸਰਚ ਓਪਰੇਸ਼ਨ ਕੀਤਾ ਗਿਆ।
ਇਸ ਉਪਰੇਸ਼ਨ ਵਿੱਚ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਦੀ ਅਗਵਾਈ ਹੇਠ 2 ਐਸ.ਪੀ, 7 ਡੀ.ਐਸ.ਪੀ, 14 ਇੰਸ:/ਐਸ.ਐਚ.ਓਜ਼ ਅਤੇ 400 ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਭਾਗ ਲਿਆ। ਇਸ ਦੌਰਾਨ ਪਿੰਡ ਅਵਾਂਖਾ ਦਾ ਚੰਗੀ ਤਰਾਂ ਆਉਟਰ ਕਾਰਡਨ ਅਤੇ ਨਾਕਾ ਬੰਦੀ ਕਰਕੇ ਸਰਚ ਪਾਰਟੀਆਂ ਬਣਾ ਕੇ ਨਸ਼ਾ ਸਮੱਗਰਲਰਾਂ ਅਤੇ ਕਰੀਮੀਨਲ ਰਿਕਾਰਡ ਵਾਲੇ ਅਨਸਰਾਂ ਦੇ ਘਰਾਂ ਦੀ ਚੰਗੀ ਤਰਾਂ ਤਲਾਸ਼ੀ ਕੀਤੀ ਗਈ। ਇਸ ਤੋਂ ਇਲਾਵਾ ਆਉਣ ਜਾਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਵੀ ਚੈਕਿੰਗ ਕੀਤੀ ਗਈ।
ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਨੇ ਅਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੂੰ ਇੱਕ ਘਰੋਂ 10 ਗ੍ਰਾਂਮ ਹੈਰੋਇਨ ਬਰਾਮਦ ਹੋਈ ਹੈ ਜਿਸ ਤਹਿਤ ਅਕਾਸ਼ ਉਰਫ ਰਿੰਕੂ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਖਿਲਾਫ ਮੁਕੱਦਮਾ ਨੰਬਰ 168, ਮਿਤੀ 17 ਸਤੰਬਰ 2022, ਜੁਰਮ 21 ਬੀ-61-85, ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਦੀਨਾਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਮੋਟਰਸਾਈਕਲ ਪਲਟੀਨਾ ਅਤੇ ਐਕਸ ਸੀ.ਡੀ. ਬਜਾਜ ਵੀ ਬਰਾਮਦ ਕੀਤੇ ਗਏ ਹਨ।
ਐੱਸ.ਐੱਸ.ਪੀ. ਗੁਰਦਾਸਪੁਰ ਨੇ ਦੱਸਿਆ ਕਿ ਇਸ ਸਰਚ ਓਪਰੇਸ਼ਨ ਦੌਰਾਨ ਪੁਲਿਸ ਵੱਲੋਂ ਚੈਕਿੰਗ ਲਈ ਡਰੋਨ ਦੀ ਵਰਤੋਂ ਕੀਤੀ ਗਈ ਤੇ ਹਰੇਕ ਸਰਚ ਪਾਰਟੀ ਵੱਲੋ ਵੀਡਿਉ ਕੈਮਰੇ ਦੀ ਨਿਗਰਾਨੀ ਹੇਠ ਸਰਚ ਕੀਤੀ ਗਈ। ਸਰਚ ਦੌਰਾਨ ਡਾਗ ਸਕੂਐਡ ਦੀ ਵੀ ਮਦਦ ਲਈ ਗਈ। ਪੁਲਿਸ ਕਰਮਚਾਰੀਆਂ ਵੱਲੋਂ ਪਬਲਿਕ ਨਾਲ ਵਧੀਆ ਵਿਵਹਾਰ ਕੀਤਾ ਗਿਆ ਅਤੇ ਪਬਲਿਕ ਵੱਲੋਂ ਵੀ ਪੁਲਿਸ ਨੂੰ ਸਰਚ ਦੌਰਾਨ ਪੂਰਾ ਸਹਿਯੋਗ ਦਿੱਤਾ ਗਿਆ।