ਆਰਥਿਕਤਾ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਮੋਡਿਊਲ ਦਾ ਇੱਕ ਹੋਰ ਕਾਰਕੁਨ ਖਰੜ ਤੋਂ ਗ੍ਰਿਫ਼ਤਾਰ 

ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਮੋਡਿਊਲ ਦਾ ਇੱਕ ਹੋਰ ਕਾਰਕੁਨ ਖਰੜ ਤੋਂ ਗ੍ਰਿਫ਼ਤਾਰ 
  • PublishedSeptember 13, 2022

ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ‘ਚੋਂ 103 ਗ੍ਰਾਮ ਹੈਰੋਇਨ ਵੀ ਕੀਤੀ ਬਰਾਮਦ 

– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਪੰਜਾਬ ਦੇ ਅਪਰਾਧ ਮੁਕਤ ਹੋਣ ਤੱਕ ਰਹੇਗੀ ਜਾਰੀ 

ਚੰਡੀਗੜ੍ਹ, 13 ਸਤੰਬਰ ( ਦਾ ਪੰਜਾਬ ਸਰਕਾਰ)। ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਅਧਾਰਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਆਈ.ਐਸ.ਆਈ. ਤੋਂ ਸਹਾਇਤਾ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਨੇ ਖਰੜ ਤੋਂ ਇਸ ਗਿਰੋਹ ਦੇ ਇਕ ਹੋਰ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ। 

ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਨਮੋਲਦੀਪ ਸੋਨੀ ਵਾਸੀ ਹਰੀਕੇ ਪੱਤਣ, ਤਰਨਤਾਰਨ ਵਜੋਂ ਹੋਈ ਹੈ। ਪੁਲਸ ਨੇ ਉਸ ਕੋਲੋਂ 103 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।

ਇਸ ਗ੍ਰਿਫਤਾਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਪੰਜਾਬ ਪੁਲਿਸ ਨੇ ਲੰਡਾ ਅਤੇ ਰਿੰਦਾ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਹਨਾਂ ਵਿੱਚ ਨਛੱਤਰ ਸਿੰਘ ਉਰਫ਼ ਮੋਤੀ ਵੀ ਸ਼ਾਮਲ ਹੈ, ਜੋ ਕਿ ਹਾਲ ਹੀ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਖੇਤਰ ਵਿੱਚ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਲਗਾਉਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ, ਏ.ਆਈ.ਜੀ. ਐਸ.ਐਸ.ਓ.ਸੀ. ਵਰੁਣ ਸ਼ਰਮਾ ਨੇ ਦੱਸਿਆ ਕਿ ਸੋਨੀ, ਲਖਬੀਰ ਸਿੰਘ ਉਰਫ਼ ਲੰਡਾ ਮਾਡਿਊਲ ਦਾ ਸਰਗਰਮ ਮੈਂਬਰ ਹੈ ਜੋ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਹਾਰਡਵੇਅਰ ਅਤੇ ਨਸ਼ੀਲੇ ਪਦਾਰਥਾਂ ਦੀ ਡਿਲਿਵਰੀ ਕਰਨ ਤੋਂ ਇਲਾਵਾ ਮਾਡਿਊਲ ਦੇ ਮੈਂਬਰਾਂ ਨੂੰ ਲੁਕਣਗਾਹ ਪ੍ਰਦਾਨ ਕਰਦਾ ਸੀ।

ਦੱਸਣਯੋਗ ਹੈ ਕਿ ਇਸ ਸਬੰਧੀ ਐਸ.ਐਸ.ਓ.ਸੀ. ਥਾਣਾ ਐਸ.ਏ.ਐਸ. ਨਗਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਬਾਕਸ: ਲੰਡਾ ਕੌਣ ਹੈ?

ਤਰਨਤਾਰਨ ਦਾ ਵਸਨੀਕ ਲੰਡਾ (33), ਜੋ ਕਿ ਸਾਲ 2017 ਵਿੱਚ ਕੈਨੇਡਾ ਭੱਜ ਗਿਆ ਸੀ, ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਅੱਤਵਾਦੀ ਹਮਲੇ ਦੀ ਸਾਜਿਸ਼ ਰਚੀ ਸੀ ਅਤੇ ਅੰਮ੍ਰਿਤਸਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਦੇ ਹੇਠਾਂ ਇੱਕ ਆਈਈਡੀ ਵੀ ਲਾਇਆ ਸੀ। ਉਸ ਨੂੰ ਪਾਕਿਸਤਾਨ ਆਧਾਰਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾਉਣ ਵਾਲੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ।

Written By
The Punjab Wire