ਗੁਰਦਾਸਪੁਰ, 10 ਸਤੰਬਰ (ਮੰਨਣ ਸੈਣੀ)। ਮੋਬਾਈਲ ਟਾਵਰ ਲਗਾ ਕੇ ਹਰ ਮਹੀਨੇ ਹਜ਼ਾਰਾਂ ਰੁਪਏ ਕਮਾਉਣ ਦਾ ਝਾਂਸਾ ਦੇ ਕੇ ਤਿੰਨ ਨੌਸਰਬਾਜ਼ਾ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਕਰੀਬ ਢਾਈ ਸਾਲ ਬੀਤ ਜਾਣ ‘ਤੇ ਵੀ ਟਾਵਰ ਨਾ ਲੱਗਣ ‘ਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ | ਇਸ ਤੋਂ ਬਾਅਦ ਥਾਣਾ ਸਿਟੀ ਦੀ ਪੁਲਸ ਨੇ ਦਿੱਲੀ ਨਿਵਾਸੀ ਇਕ ਵਿਅਕਤੀ ਸਮੇਤ ਦੋ ਅਣਪਛਾਤੇ ਲੋਕਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਊਧਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕੁਆਰਟਰ ਨੰਬਰ 11 ਸਿਵਲ ਹਸਪਤਾਲ ਗੁਰਦਾਸਪੁਰ ਨੇ ਦੱਸਿਆ ਕਿ ਸਾਲ 2019 ਵਿੱਚ ਰਾਜੇਸ਼ ਕੁਮਾਰ ਪੁੱਤਰ ਰਾਮ ਲਾਲ ਵਾਸੀ ਦਿੱਲੀ ਨੇ ਉਸ ਨੂੰ 5ਜੀ ਮੋਬਾਈਲ ਟਾਵਰ ਲਾਉਣ ਲਈ ਕਿਹਾ। ਉਸ ਵੱਲੋਂ ਦੱਸਿਆ ਗਿਆ ਕਿ ਉਹ ਖੁਦ ਸਰਕਾਰੀ ਵਿਭਾਗ ਦਾ ਉੱਚ ਅਧਿਕਾਰੀ ਹੈ। ਜਿਸ ‘ਤੇ ਉਹ ਉਸ ਦੇ ਝਾਂਸੇ ਵਿੱਚ ਆ ਗਿਆ। ਮੁਲਜ਼ਮਾਂ ਨਾਲ ਦੋ ਹੋਰ ਵਿਅਕਤੀ ਵੀ ਸ਼ਾਮਲ ਸਨ। ਜਿਨ੍ਹਾਂ ਨੇ ਸਲਾਹ ਵਜੋਂ ਵਟਸਐਪ ਰਾਹੀਂ ਜਾਅਲੀ ਰਸੀਦਾਂ ਭੇਜ ਕੇ 34 ਲੱਖ 67 ਹਜ਼ਾਰ 280 ਰੁਪਏ ਧੋਖੇ ਨਾਲ ਵੱਖ-ਵੱਖ ਬੈਂਕ ਖਾਤਿਆਂ ‘ਚ ਜਮ੍ਹਾ ਕਰਵਾ ਲਏ। ਪਰ ਬਾਅਦ ਵਿੱਚ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਮੋਬਾਈਲ ਟਾਵਰ ਲਗਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ।
ਦੂਜੇ ਪਾਸੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਸਿਟੀ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।