ਹੋਰ ਗੁਰਦਾਸਪੁਰ

ਨਾਬਾਲਗ ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਨੂੰ ਲੈਕੇ ਜਥੇਬੰਦੀਆਂ ਨੇ ਕੱਢਿਆ ਸ਼ਹਿਰ ਅੰਦਰ ਕੈਂਡਲ ਮਾਰਚ

ਨਾਬਾਲਗ ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਨੂੰ ਲੈਕੇ ਜਥੇਬੰਦੀਆਂ ਨੇ ਕੱਢਿਆ ਸ਼ਹਿਰ ਅੰਦਰ ਕੈਂਡਲ ਮਾਰਚ
  • PublishedSeptember 9, 2022

16 ਸਤੰਬਰ ਨੂੰ ਸਿਟੀ ਥਾਣੇ ਦਾ ਕੀਤਾ ਜਾਵੇਗਾ ਘਿਰਾਓ

ਗੁਰਦਾਸਪੁਰ 9 ਸਤੰਬਰ (ਰੋਕੀ)। ਜਬਰ ਵਿਰੋਧੀ ਐਕਸ਼ਨ ਕਮੇਟੀ ਗੁਰਦਾਸਪੁਰ ਦੇ ਸੱਦੇ ਤੇ ਗੁਰਦਾਸਪੁਰ ਦੇ ਵਿਦਿਆਰਥੀ, ਮੁਲਾਜ਼ਮ, ਮਜ਼ਦੂਰ, ਸੰਯੁਕਤ ਕਿਸਾਨ ਮੋਰਚਾ ਅਤੇ ਔਰਤਾਂ ਦੀਆਂ ਜਥੇਬੰਦੀਆਂ ਵੱਲੋਂ ਨਹਿਰੂ ਪਾਰਕ ਵਿਖੇ ਇਕਠੇ ਹੋ ਕੇ 13 ਸਾਲਾਂ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਗਿਰਫ਼ਤਾਰ ਕਰਨ, ਅਤੇ ਇਸ ਕੇਸ ਵਿੱਚ ਅਣਗਹਿਲੀ ਕਰਨ ਵਾਲੇ ਪੁਲੀਸ ਪ੍ਰਸ਼ਾਸਨ ਵਿਰੁੱਧ ਕਾਰਵਾਈ ਕਰਵਾਉਣ ਲਈ ਸ਼ਹਿਰ ਵਿਚ ਕੈਂਡਲ ਮਾਰਚ ਕਰ ਆਮ ਲੋਕਾਂ ਨੂੰ 16 ਸਤੰਬਰ ਨੂੰ ਗੁਰਦਾਸਪੁਰ ਸਿਟੀ ਥਾਣੇ ਦੇ ਘਿਰਾਓ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਰੋਸ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਕੋ ਕਨਵੀਨਰ ਅਮਰ ਕ੍ਰਾਂਤੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਕੁਹਾੜ, ਤਰਲੋਕ ਸਿੰਘ ਬਹਿਰਾਮਪੁਰ ,, ਸੁਖਦੇਵ ਸਿੰਘ ਭਾਗੋਕਾਵਾਂ, ਤਰਕਸ਼ੀਲ ਆਗੂ ਸੰਦੀਪ ਕੁਮਾਰ, ਰੌਕੀ ਸ਼ਹਿਰੀਆ, ਮਨਦੀਪ ਕਾਲੀਆਂ ਮਲਕੀਅਤ ਸਿੰਘ ਬੁਢਾਕੋਟ ਮੇਜਰ ਸਿੰਘ ਰੋੜਾਂਵਾਲੀ, ਅਮਰਜੀਤ ਸੈਣੀ, ਮੈਡਮ ਤਜਿੰਦਰ ਕੌਰ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਡਾਕਟਰ ਜਗਜੀਵਨ ਰਾਮ, ਅਸ਼ਵਨੀ ਕੁਮਾਰ, ਅਮਰਜੀਤ ਸ਼ਾਸਤਰੀ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਵਲੋਂ ਦੋਸ਼ ਲਗਾ ਕੇ ਕਿਹਾ ਕਿ 13 ਸਾਲਾਂ ਨਾਬਾਲਿਗ਼ ਸਕੂਲੀ ਵਿਦਿਆਰਥਣ ਨਾਲ ਹਰਦਾਨ ਵਾਸੀ ਦੋਸ਼ੀ ਵੱਲੋਂ ਪਿਸਤੌਲ ਦੀ ਨੋਕ ਤੇ ਲਗਾਤਾਰ ਬਲਾਤਕਾਰ ਕੀਤਾ ਗਿਆ ਸੀ। ਜਿਸ ਖਿਲਾਫ ਜਨਤਕ ਜੱਥੇਬੰਦੀਆਂ ਦੇ ਦਬਾਅ ਸਦਕਾ 25 ਜੂਨ ਨੂੰ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਗਿਆ। ਪਰ ਲਗਭਗ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਆਨਾ-ਕਾਨੀ ਕੀਤੀ ਜਾ ਰਹੀ ਸੀ,ਜਿਸ ਨਾਲ ਦੋਸ਼ੀ ਦੇ ਹੌਂਸਲੇ ਬੁਲੰਦ ਹੋਏ ਅਤੇ ਉਹਨਾਂ ਵੱਲੋਂ ਪੀੜਿਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤਿਆ ਗਈਆ।

ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰ ਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ , ਜੋਗਿੰਦਰ ਪਾਲ ਪਨਿਆੜ ਅਤੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਦੇ ਆਗੂ ਗੁਰਿੰਦਰ ਬਹਿਰਾਮਪੁਰ ਨੇ ਕਿਹਾ ਕਿ ਸਮਾਜ ਵਿੱਚ ਆਏ ਦਿਨ ਔਰਤਾਂ ਤੇ ਬੱਚੀਆਂ ਖਿਲਾਫ ਘਟਨਾਵਾਂ ਬਹੁਤ ਵੱਧ ਰਹੀਆਂ ਹਨ। ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਮੁਤਾਬਿਕ 2020 ਦੇ ਮੁਕਾਬਲੇ 2021 ਵਿੱਚ ਔਰਤਾਂ ਤੇ ਬੱਚੀਆਂ ਖਿਲਾਫ ਰਿਕਾਰਡ ਤੋੜ੍ਹ ਵਾਧਾ ਹੋਇਆ ਹੈ। ਇਸ ਦਾ ਕਾਰਨ ਸੱਭਿਆਚਾਰ ਵਿੱਚ ਆ ਰਿਹਾ ਵਿਗਾੜ ਹੈ। ਉਹਨਾਂ ਕਿਹਾ ਕਿ ਔਰਤਾਂ ਨਾਲ ਹੋ ਰਹੀਆਂ ਇਹਨਾਂ ਵਧੀਕੀਆਂ ਖਿਲਾਫ ਸਮੁਚੇ ਸਮਾਜ ਨੂੰ ਇੱਕਜੁੱਟ ਹੋ ਕੇ ਲੜ੍ਹਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਮੰਗ ਕਰਦਿਆਂ ਕਿਹਾ ਕਿ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਸਦੀ ਮਦਦ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।

Written By
The Punjab Wire