ਲੁਧਿਆਾਣਾ, 6 ਸਿਤੰਬਰ (ਦਾ ਪੰਜਾਬ ਵਾਇਰ)। ਲੁਧਿਆਣਾ ਜ਼ਿਲੇ ‘ਚ ਦੇਰ ਰਾਤ ਚੰਡੀਗੜ੍ਹ ਰੋਡ ‘ਤੇ ਇਕ ਵੱਡਾ ਹਾਦਸਾ ਵਾਪਰ ਗਿਆ, ਜਿਸ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ‘ਚ 3 ਬੱਚਿਆਂ ਅਤੇ 2 ਲੋਕ ਸ਼ਾਮਲ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਜ਼ਖਮੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਾਹੀ (5), ਖੁਸ਼ੀ (3), ਸੰਜਨਾ (30), ਜੈਸਮੀਨ ਅਤੇ ਰਾਜੇਸ਼ ਵਜੋਂ ਹੋਈ ਹੈ। ਮ੍ਰਿਤਕ ਪੁਰਾਣੀ ਮਾਧੋਪੁਰੀ ਦੇ ਰਹਿਣ ਵਾਲੇ ਹਨ। ਮ੍ਰਿਤਕ ਰਾਜੇਸ਼ ਦੀ ਪਤਨੀ ਪ੍ਰਿਆ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ। ਅਜੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਪਰਿਵਾਰ ਚੰਡੀਗੜ੍ਹ ‘ਚ ਇਕ ਪਰਿਵਾਰਕ ਸਮਾਗਮ ‘ਚ ਸ਼ਾਮਲ ਹੋ ਕੇ ਦੇਰ ਰਾਤ ਘਰ ਪਰਤ ਰਿਹਾ ਸੀ। ਇਹ ਹਾਦਸਾ ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ ਤੜਕੇ 2:45 ਵਜੇ ਵਾਪਰਿਆ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਪੁਲਿਸ ਚੌਕੀ ਜੀਵਨ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ ਸਨ। ਕਾਰ ਬੁਰੀ ਤਰ੍ਹਾਂ ਟੁੱਟ ਗਈ। ਜਾਂਚ ਕਰਨ ‘ਤੇ ਸਾਹਮਣੇ ਆਇਆ ਹੈ ਕਿ ਕਾਰ ਦੀ ਸਪੀਡ 100 ਤੋਂ ਵੱਧ ਸੀ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।