ਗੁਰਦਾਸਪੁਰ, 4 ਸਿਤੰਬਰ (ਮੰਨਣ ਸੈਣੀ)। ਫੌਜ ਵਿੱਚ ਭਰਤੀ ਲਈ ਤਿੱਬੜੀ ਕੈਂਟ ਵਿੱਚ ਭਰਤੀ ਰੈਲੀ ਚੱਲ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਗਈ। ਪਰ ਇਸ ਦੌਰਾਨ ਇੱਕ ਨੌਜਵਾਨ ਭੱਜਦੇ ਹੋਏ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਅਸ਼ਵਨੀ ਕੁਮਾਰ (20) ਪੁੱਤਰ ਬਲਕਾਰ ਚੰਦ ਵਾਸੀ ਪਿੰਡ ਅਖਰੋਟਾ ਵਜੋਂ ਹੋਈ ਹੈ। ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਅਮਨਦੀਪ ਕੌਰ ਨੇ ਸਿਵਲ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਮ੍ਰਿਤਕ ਅਸ਼ਵਨੀ ਕੁਮਾਰ ਦੇ ਦੋਸਤ ਗੌਰਵ ਵਾਸੀ ਅਖਰੋਟਾ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਨੂੰ ਅਸ਼ਵਨੀ ਨਾਲ ਫੌਜ ਵਿੱਚ ਭਰਤੀ ਹੋਣ ਲਈ ਤਿੱਬੜੀ ਕੈਂਟ ਆਇਆ ਸੀ। 1600 ਮੀਟਰ ਦੀ ਦੌੜ ਦੌਰਾਨ ਅਸ਼ਵਨੀ ਉਸ ਦੇ ਅੱਗੇ ਚੱਲ ਰਹੀ ਸੀ। ਫਾਈਨਲ ਚੌਥੇ ਰਾਊਂਡ ‘ਚ ਪਹੁੰਚਣ ‘ਤੇ ਉਹ ਅਚਾਨਕ ਟਰੈਕ ‘ਤੇ ਡਿੱਗ ਗਿਆ। ਇਸ ਦੌਰਾਨ ਦੂਜੇ ਟਰੈਕ ‘ਤੇ ਦੌੜ ਰਿਹਾ ਰੋਹਿਤ ਵੀ ਬੇਹੋਸ਼ ਹੋ ਗਿਆ। ਫੌਜੀ ਅਧਿਕਾਰੀ ਉਸ ਨੂੰ ਜਾਂਚ ਲਈ ਆਪਣੇ ਨਾਲ ਲੈ ਗਏ। ਬਾਅਦ ਵਿਚ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇੱਥੇ ਮੌਕੇ ’ਤੇ ਮੌਜੂਦ ਡਾਕਟਰ ਨੇ ਜਾਂਚ ਮਗਰੋਂ ਅਸ਼ਵਨੀ ਨੂੰ ਮ੍ਰਿਤਕ ਐਲਾਨ ਦਿੱਤਾ।