Close

Recent Posts

ਹੋਰ ਪੰਜਾਬ

ਸੂਬੇ ਦੇ 25 ਲੱਖ ਪਰਿਵਾਰਾਂ ਦਾ ਬਿਜਲੀ ਬਿਲ ‘ਜ਼ੀਰੋ’ ਆਇਆ: ਹਰਭਜਨ ਸਿੰਘ ਈ.ਟੀ.ਓ

ਸੂਬੇ ਦੇ 25 ਲੱਖ ਪਰਿਵਾਰਾਂ ਦਾ ਬਿਜਲੀ ਬਿਲ ‘ਜ਼ੀਰੋ’ ਆਇਆ: ਹਰਭਜਨ ਸਿੰਘ ਈ.ਟੀ.ਓ
  • PublishedSeptember 3, 2022

ਅਗਲੇ ਮਹੀਨਿਆਂ ਵਿੱਚ ਖਪਤ ਘਟਣ ਨਾਲ ਹੋਰ ਪਰਿਵਾਰਾਂ ਨੂੰ ਵੀ ਮਿਲੇਗਾ ਲਾਭ

ਚੰਡੀਗੜ੍ਹ, 3 ਸਤੰਬਰ ( ਦ ਪੰਜਾਬ ਵਾਇਰ)। ਮੁੱਖ ਮੰਤਰੀ ਸ਼. ਭਗਵੰਤ ਮਾਨ ਵੱਲੋਂ ਬਿਜਲੀ ਬਿਲ ‘ਜ਼ੀਰੋ’ ਆਉਣ ਦੇ ਕੀਤੇ ਚੁਣਾਵੀ ਵਾਅਦੇ ਅਨੁਸਾਰ ਸੂਬੇ ਦੇ 25 ਲੱਖ ਘਰੇਲੂ ਖਪਤਕਾਰਾਂ ਦੇ ਬਿਜਲੀ ਬਿਲ ‘ਜ਼ੀਰੋ’ ਆਏ ਹਨ। ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਖੁਲਾਸਾ ਕੀਤਾ। 

ਇਸ ਮੌਕੇ ਬੋਲਦਿਆਂ ਸ. ਈ.ਟੀ.ਓ. ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਰਕਾਰ ਸ਼ੁਰੂਆਤੀ ਸਾਲ ਵਿਚ ਹੀ ਆਪਣੇ ਚੋਣ ਵਾਅਦੇ ਪੂਰੇ ਕਰ ਰਹੀ ਹੈ, ਨਹੀਂ ਤਾਂ ਸਰਕਾਰਾਂ ਨਿੱਕੇ-ਨਿੱਕੇ ਚੋਣ ਵਾਅਦੇ ਆਪਣੀ ਸੱਤਾ ਦੇ ਆਖਰੀ ਸਾਲ ਵਿਚ ਹੀ ਪੂਰੇ ਕਰਦੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਦੀ ਦਿੱਤੀ ਗਈ ਛੋਟ ਕਾਰਨ ਸੂਬੇ ਦੇ 25 ਲੱਖ ਘਰੇਲੂ ਖਪਤਕਾਰਾਂ ਦੇ ਬਿਜਲੀ ਬਿਲ ‘ਜ਼ੀਰੋ’ਆਏ ਹਨ। । 

ਬਿਜਲੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਬਿਜਲੀ ਮੁਆਫੀ ਸਕੀਮ ਤਹਿਤ ਕਿਸੇ ਜਾਤ, ਧਰਮ ਨੂੰ ਆਧਾਰ ਨਹੀਂ ਬਣਾਇਆ ਗਿਆ, ਸਗੋਂ ਹਰੇਕ ਘਰੇਲੂ ਖਪਤਕਾਰ ਨੂੰ ਜੋ ਦੋ ਮਹੀਨਿਆਂ ‘ਚ 600 ਯੂਨਿਟ ਤੱਕ ਬਿਜਲੀ ਖਪਤ ਕਰੇਗਾ, ਦਾ ਬਿਜਲੀ ਬਿਲ ‘ਜ਼ੀਰੋ’ ਆਵੇਗਾ। ਜੇਕਰ ਕੋਈ ਇਸ ਤੋਂ ਵੱਧ ਬਿਜਲੀ ਵਰਤੇਗਾ, ਉਸ ਨੂੰ ਬਿਜਲੀ ਬਿਲ ਦੇਣਾ ਪਵੇਗਾ।

ਬਿਜਲੀ ਮੰਤਰੀ ਨੇ ਦੱਸਿਆ ਕਿ ਬਿਜਲੀ ਮੁਆਫੀ ਨਾਲ ਬਿਲ ਸਰਕਲ ਦੋ ਮਹੀਨਿਆਂ ਦਾ ਹੋਣ ਕਾਰਨ ਖਪਤਕਾਰਾਂ ਨੂੰ 600 ਯੂਨਿਟ ਮੁਫਤ ਬਿਜਲੀ ਮਿਲ ਰਹੀ ਹੈ, ਜੋ ਕਿ ਹਰ ਆਮ ਘਰ ਦੀ ਲੋੜ ਤੋਂ ਵੱਧ ਹੈ। ਉਨਾਂ ਦੱਸਿਆ ਕਿ 1 ਜੁਲਾਈ ਤੋਂ ਦਿੱਤੀ ਗਈ ਬਿਜਲੀ ਮੁਆਫੀ ਕਾਰਨ ਅਗਸਤ ਮਹੀਨੇ ਜੋ ਬਿਲ ਆਏ ਹਨ, ਉਨਾਂ ਵਿਚੋਂ 25 ਲੱਖ ਖਪਤਕਾਰਾਂ ਨੂੰ ਬਿਲ ਨਹੀਂ ਭਰਨਾ ਪਵੇਗਾ। 

ਮੰਤਰੀ ਨੇ ਦੱਸਿਆ ਕਿ ਬੀਤੇ ਦਿਨ ਤੱਕ ਕੁੱਲ 72 ਲੱਖ ਘਰੇਲੂ ਖਪਤਕਾਰਾਂ ਵਿਚੋਂ 42 ਲੱਖ ਖਪਤਕਾਰਾਂ ਨੂੰ ਬਿਲ ਭੇਜ ਦਿੱਤਾ ਗਿਆ ਸੀ, ਜਿਸ ਵਿਚੋਂ 25 ਲੱਖ ਪਰਿਵਾਰਾਂ ਨੂੰ ਜ਼ੀਰੋ ਬਿਲ ਆਇਆ ਹੈ। ਇਸ ਤੋਂ ਇਲਾਵਾ 34 ਲੱਖ ਪਰਿਵਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਨਾਲ ਰਿਆਇਤੀ ਬਿਜਲੀ ਦਾ ਲਾਭ ਮਿਲਿਆ ਹੈ।  

ਸ. ਈ.ਟੀ.ਓ.  ਨੇ ਕਿਹਾ ਕਿ ਇਹ ਦੋ ਮਹੀਨੇ ਸਖਤ ਗਰਮੀ ਕਾਰਨ ਖਪਤ ਆਮ ਮਹੀਨਿਆਂ ਨਾਲੋਂ ਵੱਧ ਰਹਿੰਦੀ ਹੈ, ਸੋ ਗਰਮੀ ਘੱਟ ਹੋਣ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਕਰੀਬ 85 ਫੀਸਦੀ ਖਪਤਕਾਰਾਂ ਨੂੰ ਬਿਜਲੀ ਮੁਆਫੀ ਦਾ ਲਾਭ ਮਿਲੇਗਾ।

Written By
The Punjab Wire