ਗੁਰਦਾਸਪੁਰ 1 ਸਤੰਬਰ (ਮੰਨਣ ਸੈਣੀ)। ਬਟਾਲਾ ਅੰਦਰ ਬਾਬੇ ਦੇ ਵਿਆਹ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਕੁਰਤੇ ਦੇ ਵੱਟ ਕੱਢ ਲਏ ਗਏ ਹਨ ਅਤੇ ਕੱਲ 2 ਸਤੰਬਰ ਨੂੰ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਂਣ ਵਾਲੇ ਨਗਰ ਕੀਰਤਨ ਦਾ ਭਰਵੇ ਸੁਵਾਗਤ ਲਈ ਬਟਾਲਾ ਸ਼ਹਿਰ ਪੂਰੀ ਤਰ੍ਹਾਂ ਭੱਬਾ ਭਾਰ ਹੋਇਆ ਪਿਆ ਹੈ। ਬਾਬੇ ਨਾਨਕ ਦੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ, ਅਧਿਕਾਰੀ ਇੱਕ ਪੈਰ ਦਿੱਖੇ, ਉੱਥੇ ਹੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਸਹਿਯੋਗ ਵੀ ਵਿਆਹ ਪੁਰਬ ਸਮਾਗਮ ਲਈ ਪੂਰੇ ਉਤਸ਼ਾਹ ਤੇ ਜਾਹੋ ਜਲਾਲ ਵਿੱਚੁ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦਾ ਕਹਿਣਾ ਹੈ ਕਿ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੀ ਚਰਨ ਛੋਹ ਧਰਤੀ ਬਟਾਲਾ ਵਿੱਚ ਦੇਸ਼- ਵਿਦੇਸ਼ਾ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਹਨ ਅਤੇ ਪਿਛਲੇ ਕਈ ਦਿਨ੍ਹਾਂ ਤੋਂ ਵੱਖ-ਵੱਖ ਵਿਭਾਗਾਂ ਵਲੋਂ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਕਰ ਲਈਆ ਗਈਆ ਹਨ।
ਉਨ੍ਹਾਂ ਕਿਹਾ ਕਿ 2 ਅਤੇ 3 ਸਤੰਬਰ ਨੂੰ ਨਿਕਲਣ ਵਾਲੇ ਨਗਰ ਕੀਰਤਨ ਦੇ ਰੂਟਾਂ ਸਮੇਤ ਬਟਾਲਾ ਸ਼ਹਿਰ ਦੇ ਵੱਖ-ਵੱਖ ਬਜਾਰਾ ਵਿੱਚ ਸੰਗਤਾਂ ਦੀ ਸਹੂਲਤਾ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਲੜੀਆਂ/ਸਜਾਵਟ ਆਦਿ ਕਰਨ ਤੇ ਵਿਆਹ ਪੁਰਬ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਸ ਪਾਵਨ ਪਰਵ ਦੇ ਗਵਾਹ ਬਨਣ।
ਡੀਸੀ ਇਸ਼ਫਾਕ ਨੇ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਆਵਾਜਾਈ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ ਅਤੇ ਸੰਗਤਾਂ ਨੂੰ ਅਪੀਲ ਹੈ ਕਿ ਉਹ ਪ੍ਰਸ਼ਾਸ਼ਨ ਨਾਲ ਪੂਰਨ ਸਹਿਯੋਗ ਕਰਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾਂ ਬਟਾਲਾ ਅੰਦਰ ਕਈ ਤਰ੍ਹਾਂ ਦੀਆਂ ਔਕੜਾ ਦਾ ਸਾਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਪ੍ਰਸ਼ਾਸਨ ਵੱਲੋਂ ਦਰੂਸਤ ਕਰਨ ਲਈ ਉਪਰਾਲੇ ਕੀਤੇ ਗਏ ਹਨ ਅਤੇ ਬਾਬੇ ਦੇ ਵਿਆਹ ਸਬੰਧੀ ਆਯੋਜਿਤ ਮੇਲੇ ਨੂੰ ਨੇਪੜੇ ਚਾੜਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ।