ਗੁਰਦਾਸਪੁਰ, 1 ਸਤੰਬਰ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰਨ ਤੇ ਜਿੱਥੇ ਸਮੂਹ ਬਹਿਲ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਸ ਦੇ ਨਾਲ ਹੀ ਗੁਰਦਾਸਪੁਰ ਵਾਸੀਆਂ ਨੇ ਵੀ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਨਿਯੁਕਤੀ ਦੀ ਖ਼ਬਰ ਮਿਲਣ ਤੇ ਸਮੂਹ ਸਮਰਥਕਾਂ ਤੇ ਸ਼ਹਿਰ ਵਾਸੀਆਂ ਨੇ ਬਹਿਲ ਨਿਵਾਸ ਪਹੁੰਚ ਕੇ ਭੰਗੜੇ ਪਾਏ ਅਤੇ ਆਤਿਸ਼ਬਾਜ਼ੀ ਚਲਾ ਕੇ ਇਸ ਨਿਯੁਕਤੀ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਹੋਰ ਲੋਕਾਂ ਨੇ ਰਮਨ ਬਹਿਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਰਮਨ ਬਹਿਲ ਦੀ ਇਮਾਨਦਾਰੀ, ਮਿਹਨਤੀ ਅਤੇ ਮਿਲਾਪੜੇ ਸੁਭਾਅ ਨੂੰ ਦੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਸਰਕਾਰ ਬਣਨ ਦੇ ਕਰੀਬ ਸਾਢੇ 5 ਮਹੀਨਿਆਂ ਬਾਅਦ ਹੀ ਇਹ ਵੱਡਾ ਮਾਣ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਸਰਵਪੱਖੀ ਵਿਕਾਸ ਲਈ ਰਮਨ ਬਹਿਲ ਨੂੰ ਦਿਨ ਰਾਤ ਇਕ ਕਰ ਰਹੇ ਸਨ ਅਤੇ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਨੇ ਕਿਸੇ ਨਾਲ ਵੀ ਕੋਈ ਸਿਆਸੀ ਭੇਦਭਾਵ ਨਹੀਂ ਕੀਤਾ ਅਤੇ ਨਾ ਹੀ ਆਪਣੀ ਸ਼ਕਤੀ ਦਾ ਦੁਰਉਪਯੋਗ ਕੀਤਾ।
ਇਸੇ ਕਾਰਨ ਪਿਛਲੇ ਸਾਢੇ ਪੰਜ ਮਹੀਨਿਆਂ ਦੌਰਾਨ ਉਨ੍ਹਾਂ ਦੀ ਹਰਮਨਪਿਆਰਤਾ ਵਿੱਚ ਹੋਰ ਵਾਧਾ ਹੋਇਆ ਸੀ। ਗੁਰਦਾਸਪੁਰ ਹਲਕੇ ਦੇ ਲੋਕ ਜਮਹੂਰੀਅਤ ਦਾ ਆਨੰਦ ਮਾਣਦੇ ਹੋਏ ਪੂਰੀ ਆਜ਼ਾਦੀ ਨਾਲ ਆਪਣੇ ਕੰਮਕਾਜ ਕਿਸੇ ਸਿਆਸੀ ਦਖਲਅੰਦਾਜ਼ੀ ਜਾਂ ਅੜਚਨ ਦੇ ਬਗੈਰ ਕਰ ਰਹੇ ਸਨ।
ਆਮ ਆਦਮੀ ਪਾਰਟੀ ਦੀ ਸਿਖਰਲੀ ਹਾਈਕਮਾਂਡ ਅਤੇ ਪੰਜਾਬ ਸਰਕਾਰ ਵੱਲੋਂ ਰਮਨ ਬਹਿਲ ਦੀ ਇਸ ਕਾਬਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਕਿਉਂਕਿ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਜ਼ਿਆਦਾਤਰ ਦਾਰੋਮਦਾਰ ਹੈਲਥ ਸਿਸਟਮ ਨੂੰ ਬਿਹਤਰ ਬਣਾਉਣ ਲਈ ਲੱਗਾ ਹੋਇਆ ਸੀ।
ਪਾਰਟੀ ਨੇ ਇਸੇ ਦਿਸ਼ਾ ਵਿੱਚ ਰਮਨ ਬਹਿਲ ਦੀ ਕਾਬਲੀਅਤ ਨੂੰ ਪਛਾਣਦਿਆਂ ਉਨ੍ਹਾਂ ਨੂੰ ਇਸ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਵੱਕਾਰੀ ਅਹੁਦਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਰਮਨ ਬਹਿਲ ਨੇ ਪਿਛਲੇ ਸਮੇਂ ਦੌਰਾਨ ਸਰਕਾਰੀ ਕੰਮਕਾਜ ਵਿੱਚ ਕਿਸੇ ਤਰ੍ਹਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਨਹੀਂ ਕੀਤੀ ਅਤੇ ਗੁਰਦਾਸਪੁਰ ਹਲਕੇ ਵਿੱਚ ਪਾਰਟੀ ਦਾ ਝੰਡਾ ਬੁਲੰਦ ਕਰਨ, ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਦਿਨ ਰਾਤ ਇਕ ਕੀਤਾ ਹੋਇਆ ਸੀ। ਆਗੂਆਂ ਨੇ ਕਿਹਾ ਕਿ ਬਹਿਲ ਨੇ ਗੁਰਦਾਸਪੁਰ ਹਲਕੇ ਦੇ ਲੋਕਾਂ ਦੇ ਨਾਲ ਨਾਲ ਜ਼ਿਲ੍ਹੇ ਦੇ ਸਮੁੱਚੇ ਹਲਕਿਆਂ ਦੇ ਇੰਚਾਰਜਾਂ ਤੇ ਹੋਰ ਆਗੂਆਂ ਨਾਲ ਵੀ ਬਹੁਤ ਵਧੀਆ ਤਾਲਮੇਲ ਬਣਾਇਆ ਹੋਇਆ ਹੈ ਅਤੇ ਪਾਰਟੀ ਦੀ ਹਾਈਕਮਾਨ ਦੇ ਭਰੋਸੇਯੋਗ ਆਗੂਆਂ ਵਿੱਚ ਵੀ ਸਭ ਤੋਂ ਸਿਖ਼ਰਲੀ ਸੂਚੀ ਵਿਚ ਰਮਨ ਬਹਿਲ ਦਾ ਨਾਮ ਆਉਂਦਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਰਾਘਵ ਚੱਢਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।