ਸਿਹਤ ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜਪਾਨੀ ਬੁਖ਼ਾਰ ਨੇ ਦਿੱਤੀ ਪੰਜਾਬ ਅੰਦਰ ਦਸਤਕ: ਗੁਰਦਾਸਪੁਰ ਦੇ ਪਿੰਡ ਧੰਦੋਈ ‘ਚ ਪਹਿਲੀ ਬੱਚੀ ਨੂੰ ਹੋਇਆ ਜਾਪਾਨੀ ਬੁਖ਼ਾਰ

ਜਪਾਨੀ ਬੁਖ਼ਾਰ ਨੇ ਦਿੱਤੀ ਪੰਜਾਬ ਅੰਦਰ ਦਸਤਕ: ਗੁਰਦਾਸਪੁਰ ਦੇ ਪਿੰਡ ਧੰਦੋਈ ‘ਚ ਪਹਿਲੀ ਬੱਚੀ ਨੂੰ ਹੋਇਆ ਜਾਪਾਨੀ ਬੁਖ਼ਾਰ
  • PublishedAugust 30, 2022

ਇਸ ਬਿਮਾਰੀ ਦਾ ਪਹਿਲਾ ਕੇਸ 1871 ਵਿੱਚ ਜਾਪਾਨ ਅੰਦਰ ਆਇਆ ਸੀ ਆਇਆ ਸੀ ਸਾਹਮਣੇ

ਗੁਰਦਾਸਪੁਰ, 30 ਅਗਸਤ (ਮੰਨਣ ਸੈਣੀ)। ਪੰਜਾਬ ਅੰਦਰ ਜਪਾਨੀ ਬੁਖਾਰ ਨੇ ਦਸਤਕ ਦੇ ਦਿੱਤੀ ਹੈ ਅਤੇ ਪੰਜਾਬ ਦਾ ਪਹਿਲ੍ਹਾਂ ਕੇਸ ਗੁਰਦਾਸਪੁਰ ਦੇ ਪ੍ਰਾਇਮਰੀ ਹੈਲਥ ਸੈਂਟਰ ਹਰਚੋਵਾਲ ਦੇ ਪਿੰਡ ਧੰਦੋਈ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਸੱਤ ਸਾਲ ਦੀ ਬੱਚੀ ਇਸ ਬੁਖਾਰ ਨਾਲ ਗ੍ਰਸਤ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਗੁਰਦਾਸਪੁਰ ਦੇ ਸਿਵਲ ਸਰਜਨ ਡਾ.ਹਰਭਜਨ ਰਾਮ ਮਾਂਡੀ ਵੱਲੋਂ ਕੀਤੀ ਗਈ।

ਇੱਕਠੀ ਕੀਤੀ ਗਈ ਜਾਣਕਾਰੀ ਅਨੁਸਾਰ 19 ਅਗਸਤ ਨੂੰ ਬੱਚੀ ਮਰੀਜ਼ ਨੂੰ ਬੁਖਾਰ ਅਤੇ ਉਲਟੀਆਂ ਹੋਣ ਲੱਗੀਆਂ, ਜਿਸ ‘ਤੇ ਉਸ ਨੇ ਲੋਕਲ ਦਵਾਈ ਲਈ ਪਰ ਉਹ ਠੀਕ ਨਾ ਹੋਈ ਤਾਂ ਉਸ ਨੂੰ ਇਲਾਜ ਲਈ 23 ਅਗਸਤ ਨੂੰ ਗੁਰੂ ਰਾਮ ਦਾਸ ਹਸਪਤਾਲ ਵੱਲਾ ਅੰਮ੍ਰਿਤਸਰ ਲਿਜਾਇਆ ਗਿਆ। ਜਿੱਥੇ ਹਸਪਤਾਲ ਵੱਲੋਂ ਮਰੀਜ਼ ਦੇ ਸੈਂਪਲ ਪੀਜੀਆਈ ਚੰਡੀਗੜ੍ਹ ਭੇਜੇ ਗਏ। ਟੈਸਟ ਕਰਨ ਉਪਰਾਂਤ ਰਿਪੋਰਟ ਵਿੱਚ ਬੱਚੀ ਦੇ ਜਾਪਾਨੀ ਦਿਮਾਗੀ ਬੁਖਾਰ (ਜਾਪਾਨੀ ਇਨਸੇਫਲਾਈਟਿਸ) ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ। ਜਿਸ ਤੋਂ ਬਾਅਦ ਮਰੀਜ਼ ਨੂੰ ਵੱਲਾ ਵਿੱਚ ਹੀ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।

ਡਾ ਹਰਭਜਨ ਮਾਂਡੀ

ਦ ਪੰਜਾਬ ਵਾਇਰ ਨਾਲ ਗੱਲਬਾਤ ਕਰਦੀਆਂ ਗੁਰਦਾਸਪੁਰ ਦੇ ਸਿਵਲ ਸਰਜਨ ਡਾ: ਹਰਭਜਨ ਮਾਂਡੀ ਨੇ ਦੱਸਿਆ ਕਿ ਬੱਚੀ ਮਰੀਜ਼ ਦਾ ਪਤਾ ਲੱਗਣ ‘ਤੇ 28 ਅਗਸਤ ਨੂੰ ਉਨ੍ਹਾਂ ਵੱਲੋਂ ਤੁਰੰਤ ਟੀਮਾਂ ਭੇਜ ਕੇ ਮਰੀਜ਼ ਦੇ ਘਰ ਜਾ ਕੇ ਜਾਂਚ ਕੀਤੀ ਗਈ | ਇਸ ਉਪਰੰਤ ਉਨ੍ਹਾਂ ਵੱਲੋਂ ਦਿੱਤੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਪ੍ਰਭਜੋਤ ਕਲਸੀ ਨੇ ਐਂਟੀ ਲਾਰਵਾ ਟੀਮ ਅਤੇ ਹੋਰਨਾਂ ਟੀਮਾਂ ਨਾਲ ਪਿੰਡ ਧੰਦੋਈ ਵਿਖੇ ਬੁਖਾਰ ਨਾਲ ਗ੍ਰਸਤ ਬੱਚੀ ਦੇ ਘਰ ਦੇ ਆਲੇ-ਦੁਆਲੇ ਸਪਰੇਅ ਕਰਕੇ ਜਾਪਾਨੀ ਬੁਖਾਰ ਦੇ ਕਲਿਊਲੈਕਸ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਉਹਨ੍ਹਾਂ ਨੂੰ ਉੱਥੇ ਲਾਰਵਾ ਮਿਲਿਆ। ਡਾ ਪ੍ਰਭਜੋਤ ਕਲਸੀ ਨੇ ਦੱਸਿਆ ਕਿ ਲਾਰਵਾ ਮਰੀਜ਼ ਦੇ ਘਰ ਦੇ ਨੇੜੇ ਹੀ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਉਕਤ ਬੱਚੀ ਦੇ ਸਾਰੇ ਮੈਂਬਰਾਂ ਦੀ ਵੀ ਜਾਂਚ ਕੀਤੀ ਗਈ ਅਤੇ ਜਿਸ ਸਕੂਲ ਵਿੱਚ ਉਹ ਪੜਦੀ ਸੀ ਉਸ ਦੀ ਵੀ ਜਾਂਚ ਕੀਤੀ ਗਈ ਹੈ | ਪਰ ਕਿਸੇ ਹੋਰ ਬੱਚੇ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੱਤੇ।

ਸਿਵਲ ਸਰਜਨ ਡਾ ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਜਦੋਂ ਕਿ ਮਰੀਜ਼ ਦੇ ਘਰ ਨੇੜੇ ਝੋਨੇ ਦੀ ਫ਼ਸਲ ਬੀਜੀ ਹੋਈ ਹੈ। ਜਿਸ ਕਾਰਨ ਇੱਥੇ ਹਰ ਸਮੇਂ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਬਗੁਲਾ ਪੰਛੀ ਵੀ ਉੱਥੇ ਬਹੁਤ ਪਾਏ ਗਏ ਹਨ। ਹਾਲਾਕਿ ਮਰੀਜ਼ ਦੇ ਘਰ ਦੇ ਨੇੜੇ ਕੋਈ ਸੂਰਾਂ ਦਾ ਕੋਈ ਖੂਡ ਨਹੀਂ ਹੈ।

ਕੀ ਹੈ ਜਪਾਨੀ ਬੁਖਾਰ

ਜਾਪਾਨੀ ਇਨਸੇਫਲਾਈਟਿਸ, ਜਿਸਨੂੰ ਜਾਪਾਨੀ ਬੁਖਾਰ ਵਜੋਂ ਜਾਣਿਆ ਜਾਂਦਾ ਹੈ, ਇੱਕ ਵਾਇਰਲ ਸੰਕਰਮਣ ਹੈ ਜੋ ਮੱਛਰ ਤੋਂ ਮਨੁੱਖ ਵਿੱਚ ਫੈਲਦੀ ਹੈ। ਇਸ ਮੱਛਰ ਤੋਂ ਪੈਦਾ ਹੋਣ ਵਾਲੀ ਬਿਮਾਰੀ ਦਿਮਾਗ ਵਿੱਚ ਸੋਜ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਬੁਖਾਰ ਅਤੇ ਸਰੀਰ ਵਿੱਚ ਦਰਦ ਇਸ ਦੇ ਮਹੱਤਵਪੂਰਨ ਲੱਛਣ ਹਨ, ਜੋ ਹਲਕੇ ਤੋਂ ਦਰਮਿਆਨੇ ਮਾਮਲਿਆਂ ਵਿੱਚ ਦੇਖੇ ਜਾਂਦੇ ਹਨ। ਗੰਭੀਰ ਮਾਮਲਿਆਂ ਵਿੱਚ, ਮਰੀਜ਼ ਨੂੰ ਵਿਵਹਾਰ ਅੰਦਰ ਤਬਦੀਲੀਆਂ, ਉਲਝਣ, ਕੰਬਣੀ ਅਤੇ ਇੱਥੋਂ ਤੱਕ ਕਿ ਕੋਮਾ ਦਾ ਅਨੁਭਵ ਹੋ ਸਕਦਾ ਹੈ।

ਜਾਪਾਨੀ ਇਨਸੇਫਲਾਈਟਿਸ ਇੱਕ ਦੁਰਲੱਭ ਵਾਇਰਲ ਸੰਕਰਮਣ ਹੈ ਜੋ ਆਮ ਤੌਰ ‘ਤੇ ਪਰਵਾਸੀ ਪੰਛੀਆਂ ਦੁਆਰਾ ਜਾਨਵਰਾਂ ਨੂੰ ਪ੍ਰਭਾਵਿਤ ਕਰਦੀ ਹੈ, ਇਹ ਦੁਰਲੱਭ ਮਾਮਲਿਆਂ ਵਿੱਚ ਮਨੁੱਖਾਂ ਨੂੰ ਸੰਕਰਮਿਤ ਕਰ ਸਕਦੀ ਹੈ। ਬੱਚਿਆਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ, ਪਰ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦੀ।

ਕਲੂਲੇਕਸ ਮੱਛਰ

ਜਾਪਾਨੀ ਬੁਖਾਰ ਦੇ ਕੀ ਲੱਛਣ ਹਨ?

ਮਾਹਿਰਾਂ ਅਨੁਸਾਰ ਕਲੂਲੇਕਸ ਮੱਛਰ ਦਿਮਾਗ ਵਿੱਚ ਸੋਜ ਪੈਦਾ ਕਰਦੇ ਹਨ। ਇਹ ਵਾਇਰਸ ਕਲੂਲੇਕਸ ਮੱਛਰ ਦੇ ਕਾਰਨ ਹੁੰਦਾ ਹੈ, ਜੋ ਆਮ ਤੌਰ ‘ਤੇ ਚੌਲਾਂ ਦੇ ਖੇਤਾਂ ‘ਤੇ ਪਾਇਆ ਜਾਂਦਾ ਹੈ। ਇਸ ਬਿਮਾਰੀ ਦਾ ਪਹਿਲਾ ਕੇਸ ਜਾਪਾਨ ਵਿੱਚ ਸਾਲ 1871 ਵਿੱਚ ਸਾਹਮਣੇ ਆਇਆ ਸੀ। ਕਿਉਂਕਿ ਇਹ ਬਿਮਾਰੀ ਜਾਨ ਵੀ ਲੈ ਸਕਦੀ ਹੈ, ਇਸ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। ਹਾਲਾਂਕਿ, ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦੀ।

ਜ਼ਿਆਦਾਤਰ ਮਾਮਲਿਆਂ ਵਿੱਚ, ਮਰੀਜ਼ਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ. ਸੰਕਮਨ ਹੋਣ ਤੋਂ 5 ਤੋਂ 15 ਦਿਨਾਂ ਬਾਅਦ ਮਰੀਜ਼ ਵਿੱਚ ਲੱਛਣ ਦਿਖਾਈ ਦਿੰਦੇ ਹਨ। ਜਿਸ ਵਿੱਚ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਦਾ ਅਨੁਭਵ ਹੁੰਦਾ ਹੈ। ਹਾਲਾਂਕਿ, ਗੰਭੀਰ ਮਾਮਲਿਆਂ ਵਿੱਚ ਨਿਊਰੋਲੌਜੀਕਲ ਲੱਛਣ ਵੀ ਦੇਖੇ ਜਾਂਦੇ ਹਨ। ਇਹਨਾਂ ਵਿੱਚ ਗਰਦਨ ਵਿੱਚ ਕਠੋਰਤਾ, ਸਿਰ ਦਰਦ, ਵਿਵਹਾਰ ਵਿੱਚ ਤਬਦੀਲੀਆਂ, ਸੁੰਨ ਹੋਣਾ, ਭਟਕਣਾ, ਕੰਬਣੀ, ਕਈ ਵਾਰ ਮਰੋੜਨਾ ਜਾਂ ਕੜਵੱਲ, ਅਤੇ ਇੱਥੋਂ ਤੱਕ ਕਿ ਕੋਮਾ ਵੀ ਸ਼ਾਮਲ ਹਨ।

ਕੀ ਇਸ ਦਾ ਕੋਈ ਇਲਾਜ ਹੈ?

ਜਾਪਾਨੀ ਇਨਸੇਫਲਾਈਟਿਸ ਦਾ ਕੋਈ ਇਲਾਜ ਨਹੀਂ ਹੈ। ਲੱਛਣਾਂ ਤੋਂ ਰਾਹਤ ਪਾਉਣ ਲਈ ਦਰਦ ਨਿਵਾਰਕ ਦਵਾਈਆਂ, ਤਰਲ ਪਦਾਰਥ ਅਤੇ ਆਰਾਮ ਦੀ ਸਲਾਹ ਦਿੱਤੀ ਜਾਂਦੀ ਹੈ। ਦੂਸਰੀ ਬੈਕਟੀਰੀਆ ਦੀ ਸੰਕਰਮਨ ਜਾਂ ਸੇਪਸਿਸ ਤੋਂ ਬਚਣ ਲਈ ਪੌਸ਼ਟਿਕ ਖੁਰਾਕ, ਹਾਈਡਰੇਸ਼ਨ, ਅਤੇ ਇਲੈਕਟ੍ਰੋਲਾਈਟ ਥੈਰੇਪੀ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਲੱਗਣ ਤੇ ਡਾਕਟਰਾਂ ਨੂੰ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ

Written By
The Punjab Wire