ਮਾਪਿਆਂ ਨੂੰ ਸਨਮਾਨਿਤ ਕਰਕੇ ਸੁਸਾਇਟੀ ਨੇ ਨਵੀਆਂ ਪੈੜਾਂ ਪਾਈਆਂ।
ਗੁਰਦਾਸਪੁਰ 30 ਅਗਸਤ (ਮੰਨਣ ਸੈਣੀ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਜੂਡੋ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਵੀ ਗੁਰਦਾਸਪੁਰ ਦਾ ਨਾਮ ਦੇਸ਼ ਵਿਦੇਸ਼ ਵਿੱਚ ਚਮਕਾਇਆ ਹੈ। ਇਸ ਦਾ ਸਿਹਰਾ ਜਿਥੇ ਜੂਡੋ ਖਿਡਾਰੀਆਂ ਦੀ ਸਖ਼ਤ ਮਿਹਨਤੀ, ਅਨੁਸ਼ਾਸਿਤ ਅਤੇ ਨਿਸ਼ਾਨੇ ਪ੍ਰਤੀ ਇਕਾਗਰਚਿੱਤ ਜੂਡੋ ਖਿਡਾਰੀਆਂ, ਅਤੇ ਮਿਹਨਤੀ ਜੂਡੋ ਕੋਚਾਂ ਸਿਰ ਬੱਝਦਾ ਹੈ। ਉਥੇ ਖਿਡਾਰੀਆਂ ਦੇ ਮਾਪਿਆਂ ਦੀ ਭੂਮਿਕਾ ਨੂੰ ਛੁਟਿਆਇਆ ਨਹੀਂ ਜਾ ਸਕਦਾ। ਰਾਸ਼ਟਰੀ ਖੇਡ ਦਿਵਸ ਮੌਕੇ ਮੇਜ਼ਰ ਧਿਆਨ ਚੰਦ ਨੂੰ ਸਮਰਪਿਤ ਸਮਾਗਮ ਵਿੱਚ ਜੂਡੋਕਾ ਵੈਲਫੇਅਰ ਸੋਸਾਇਟੀ ਵੱਲੋਂ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਮਾਪਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਸਖ਼ਤ ਘਾਲਣਾ ਨੂੰ ਵਡਿਆਇਆ ਹੈ।
ਇਸ ਮੌਕੇ ਜੂਡੋ ਸੈਂਟਰ ਇੰਚਾਰਜ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਕਾਮਨਵੈਲਥ ਖੇਡਾਂ ਵਿਚ ਭਾਰਤ ਦੀ ਪ੍ਰਤਿਨਿਧਤਾ ਕਰਨ ਵਾਲੇ, ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਵਿਜੇਤਾ ਜਸਲੀਨ ਸੈਣੀ ਦੇ ਮਾਤਾ ਪਿਤਾ ਨਰੇਸ਼ ਕੁਮਾਰ, ਨਿਸ਼ਾ ਸੈਣੀ ਨੇ ਬੱਚਿਆਂ ਨਾਲ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਅਤੇ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕੀਤਾ। ਜਸਲੀਨ ਸੈਣੀ ਦੇ ਪਦਚਿੰਨ੍ਹਾਂ ਤੇ ਚਲਦਿਆਂ ਉਸਦੇ ਪਰਿਵਾਰਕ ਮੈਂਬਰ ਛੋਟੇ ਭਰਾ ਅੰਤਰਰਾਸ਼ਟਰੀ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਨੇ 66 ਕਿਲੋ ਭਾਰ ਵਰਗ ਵਿੱਚ 17 ਸਾਲ ਦੀ ਉਮਰ ਵਿੱਚ ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਹੈ ਉਸ ਦੇ ਮਾਤਾ ਪਿਤਾ ਰਣਜੀਤ ਸਿੰਘ ਅਤੇ ਨਿਰਮਲਾ ਸੈਣੀ ਨੇ ਸਖ਼ਤ ਮਿਹਨਤ ਕਰਕੇ ਪੂਰੇ ਪੰਜ ਸਾਲ ਸੁਜਾਨਪੁਰ ਪਠਾਨਕੋਟ ਤੋਂ ਲਗਾਤਾਰ ਤਾਰਿਆਂ ਦੀ ਛਾਵੇਂ ਗੁਰਦਾਸਪੁਰ ਪਰੈਕਟਿਸ ਲਈ ਭੇਜਿਆ ਸੀ।
ਇਸੇ ਤਰ੍ਹਾਂ ਨੈਸ਼ਨਲ ਖੇਡਾਂ 2022 ਲਈ 66 ਕਿਲੋ ਭਾਰ ਵਰਗ ਵਿੱਚ ਚੁਣੇ ਗਏ ਆਈ ਟੀ ਬੀ ਪੀ ਦੇ ਜਤਿੰਦਰ ਪਾਲ ਪਿੰਡ ਕੋਠੇ ਘੁਰਾਲਾ ਦੇ ਪਿਤਾ ਦਲਜੀਤ ਸਿੰਘ ਸਿਖਿਆ ਵਿਭਾਗ ਦਰਜ਼ਾ ਚਾਰ ਮੁਲਾਜ਼ਮ ਹੈ। ਸੀਨੀਅਰ ਨੈਸ਼ਨਲ ਖਿਡਾਰੀ ਸੀਮਾ ਸੁਰੱਖਿਆ ਬਲ ਦੇ ਹੋਣਹਾਰ ਖਿਡਾਰੀ ਮੋਹਿਤ ਕੁਮਾਰ ਦੇ ਪਿਤਾ ਸਬਜੀ ਵਿਕਰੇਤਾ ਰਾਜੇਸ਼ ਕੁਮਾਰ ਹਨ। ਸੀਮਾਂ ਸੁਰੱਖਿਆ ਬਲ ਦੇ ਜਵਾਨ ਅੰਤਰਰਾਸ਼ਟਰੀ ਸੀਨੀਅਰ ਖਿਡਾਰੀ ਸਰਬਜੀਤ ਸਿੰਘ ਦੇ ਪਿਤਾ ਜਤਿੰਦਰ ਸਿੰਘ ਜੇਲ੍ਹ ਪੁਲਿਸ ਵਿਚ ਗਾਰਦ ਹਨ।ਖੇਲੋ ਇੰਡੀਆ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਸਾਗ਼ਰ ਸ਼ਰਮਾ, ਚਿਰਾਗ ਸ਼ਰਮਾ ਦੇ ਪਿਤਾ ਸਕੂਟਰ ਮਕੈਨਿਕ ਰਾਜੇਸ਼ ਕੁਮਾਰ ਨੂੰ ਦਿਨ ਰਾਤ ਮਿਹਨਤ ਕਰਕੇ ਇਨ੍ਹਾਂ ਦੀ ਖੁਰਾਕ ਦਾ ਇੰਤਜ਼ਾਮ ਕਰਨਾ ਪੈਂਦਾ ਹੈ।
ਫੋਲਡਿੰਗ ਮੰਜੇ ਬਣਾਉਣ ਦਾ ਕੰਮ ਕਰਨ ਵਾਲੇ ਗੋਲਡੀ ਗਿੱਲ ਨੂੰ ਆਪਣੇ ਨੈਸ਼ਨਲ ਚੈਂਪੀਅਨ ਪੁੱਤਰ ਰਾਕੇਸ਼ ਗਿੱਲ ਘਰ ਘਰ ਹੌਕਾ ਦੇਣਾ ਪੈਂਦਾ ਹੈ। ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਹਰਪ੍ਰੀਤ ਸਿੰਘ ਵਰਸੋਲਾ ਦੀ ਮਾਂ ਨਿਵੇਕਲੀ ਪਛਾਣ ਸਿਰਜਣ ਵਾਲੀ ਬਿਜਲਈ ਫਰਸੀ ਕੰਡੇ ਠੀਕ ਕਰਨ ਵਾਲੀ ਮਕੈਨਿਕ ਜਸਵਿੰਦਰ ਕੌਰ ਆਪਣੇ ਲੜਕੇ ਨੂੰ ਅੰਤਰਰਾਸ਼ਟਰੀ ਖਿਡਾਰੀ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਸੁਸਾਇਟੀ ਵੱਲੋਂ ਇਨ੍ਹਾਂ ਖਿਡਾਰੀਆਂ ਦੇ ਮਾਪਿਆਂ ਨੂੰ ਸਨਮਾਨਿਤ ਕਰਕੇ ਨਵੀਆਂ ਪੈੜਾਂ ਪਾਈਆਂ ਹਨ। ਜਿਸ ਦੀ ਚਾਰੇ ਪਾਸੇ ਚਰਚਾ ਹੈ।
ਇਸ ਮੌਕੇ ਸਤੀਸ਼ ਕੁਮਾਰ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਪ੍ਰਿਸੀਪਲ ਕੁਲਵੰਤ ਸਿੰਘ, ਇੰਸਪੈਕਟਰ ਰਾਜ ਕੁਮਾਰ, ਮੈਡਮ ਬਲਵਿੰਦਰ ਕੌਰ, ਨਵੀਨ ਸਲਗੋਤਰਾ, ਜੂਡੋ ਕੋਚ ਰਵੀ ਕੁਮਾਰ, ਸੰਨੀ ਭੱਟੀ, ਅਤੁਲ ਕੁਮਾਰ, ਗੁਰਦੇਵ ਲਾਲ, ਤੋਂ ਇਲਾਵਾ ਬਹੁਤ ਸਾਰੇ ਜੂਡੋ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ।