ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਿੱਚ ਚੱਲੇਗਾ ਸਿਖਲਾਈ ਪ੍ਰੋਗਰਾਮ
ਗੁਰਦਾਸਪੁਰ, 29 ਅਗਸਤ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਨਵੀਂ ਪਹਿਲਕਦਮੀ ਕਰਦਿਆਂ ਨਵਾਂ ਅਸਲਾ ਲਾਇਸੈਂਸ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਅਸਲੇ ਦੀ ਸਾਂਭ-ਸੰਭਾਲ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਿਖਲਾਈ ਪ੍ਰੋਗਰਾਮ ਹਰ ਹਫ਼ਤੇ ਮੰਗਲਵਾਰ ਤੇ ਬੁੱਧਵਾਰ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦਫ਼ਤਰ, ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਵਾਂ ਅਸਲਾ ਲਾਇਸੈਂਸ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਹਥਿਆਰਾਂ ਦੀਆਂ ਕਿਸਮਾਂ, ਬਣਤਰ ਅਤੇ ਅਮੋਨੀਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹਥਿਆਰ ਦੇ ਰੱਖ-ਰਖਾਵ, ਹਥਿਆਰਾਂ ਦੀ ਸੁਰੱਖਿਆ ਦੇ ਸਿਧਾਂਤ, ਹਥਿਆਰ ਦੀ ਖਰੀਦੋ-ਫਰੋਖਤ ਅਤੇ ਟਰਾਂਸਪੋਰਟ ਕਰਨ ਦੇ ਨਿਯਮ, ਅਸਲਾ ਐਕਟ 1959 ਅਤੇ ਅਸਲਾ ਕਾਨੂੰਨ ਬਾਰੇ ਜਾਣਕਾਰੀ, ਅਸਲਾ ਵਰਤਣ ਤੋਂ ਪਹਿਲਾਂ ਸਾਵਧਾਨੀਆਂ ਅਤੇ ਅਸਲਾ ਵਰਤਣ ਦੀ ਸਥਿਤੀ ਵਿੱਚ ਉਸਦੀ ਰੀਪੋਰਟ ਪੁਲਿਸ ਅਧਿਕਾਰੀਆਂ ਨੂੰ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ. ਨਿਧੀ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਰੈਡ ਕਰਾਸ ਸੁਸਾਇਟੀ ਵੱਲੋਂ ਫਸਟ ਏਡ ਦੀ ਸਿਖਲਾਈ ਖਾਸ ਤੌਰ ’ਤੇ ਅਸਲਾ ਵਰਤਣ ਦੇ ਕਾਰਨ ਜ਼ਖਮੀ ਵਿਅਕਤੀ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਬਾਰੇ ਦੱਸਿਆ ਜਾਵੇਗਾ। ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਨਸ਼ਿਆਂ ਦੇ ਦੁਰ-ਪ੍ਰਭਾਵ ਅਤੇ ਨਸ਼ੇ ਦੇ ਅਸਰ ਅਧੀਨ ਅਸਲਾ ਪ੍ਰਯੋਗ ਕਰਨ ਦੇ ਨੁਕਸਾਨਾਂ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮਾਜਿਕ ਸਮਾਗਮ ਜਿਵੇਂ ਵਿਆਹ, ਪਾਰਟੀਆਂ ਜਾਂ ਕੋਈ ਹੋਰ ਸਮਾਗਮ ਵਿੱਚ ਹਥਿਆਰਾਂ ਦਾ ਪ੍ਰਯੋਗ ਨਾ ਕਰਨ ਅਤੇ ਸੋਸ਼ਲ ਮੀਡੀਆ ’ਤੇ ਅਸਲੇ ਦੀਆਂ ਫੋਟੋਆਂ ਪਾਉਣ ਅਤੇ ਗੰਨ ਕਲਚਰ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਅਸਲਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਲਈ ਲਾਹੇਵੰਦ ਸਾਬਤ ਹੋਵੇਗਾ।