ਗੁਰਦਾਸਪੁਰ, 25 ਅਗਸਤ (ਮੰਨਣ ਸੈਣੀ)। ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਟੀਮ ਦੀ 89 ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਬੀਓਪੀ ਕੇ.ਪੀ ਜੱਟਾਂ ਤੋਂ ਗਸ਼ਤ ਦੌਰਾਨ ਤਿੰਨ ਕਿੱਲੋ ਹੈਰੋਇਨ ਸਮੇਤ ਚੀਨ ਦਾ ਬਣਿਆ ਇੱਕ ਮਾਉਜਰ ਅਤੇ ਇੱਕ ਮੈਗਜ਼ੀਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਬਰਾਮਦਗੀ ਬੀਐਸਐਫ 89 ਬਟਾਲੀਅਨ ਦੀ ਤਰਫੋਂ ਬੀਓਪੀ ਕੇਪੀ ਜੱਟਾਂ ’ਤੇ ਗਸ਼ਤ ਅਤੇ ਸਰਹੱਦ ਦੀ ਤਲਾਸ਼ੀ ਦੌਰਾਨ ਸ਼ਾਮ 7.45 ਵਜੇ ਦੇ ਕਰੀਬ ਹੋਈ। ਇਹ ਬਰਾਮਦਗੀ ਜੈਪਾਲ ਸਿੰਘ ਡਿਪਟੀ ਕਮਾਂਡੈਂਟ ਅਤੇ ਉਨ੍ਹਾਂ ਦੀਆਂ ਦੋ ਟੀਮਾਂ ਨੂੰ ਉਸ ਸਮੇਂ ਹੋਈ ਜਦੋਂ ਉਹ ਬਾਰਡਰ ਪਿੱਲਰ ਨੰਬਰ 29/9 ‘ਤੇ ਜਾਂਚ ਕਰ ਰਹੇ ਸਨ। ਇਸ ਦੌਰਾਨ ਟੀਮ ਨੂੰ ਇੱਕ ਕੱਪੜੇ ਦਾ ਬੈਗ ਮਿਲਿਆ, ਜੋ ਕਿ ਸਰਕੰਡੇ ਦੇ ਵਿਚਕਾਰ ਲੁਕਾਇਆ ਗਿਆ ਸੀ।
ਬੈਗ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ ਤਿੰਨ ਪੈਕਟ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਕਰੀਬ 3 ਕਿੱਲੋ 30 ਗ੍ਰਾਮ ਸੀ ਹੈ, ਜੋ ਕਿ ਹੈਰੋਇਨ ਦੇ ਸੀ। ਇਸ ਦੇ ਨਾਲ ਹੀ ਬੈਗ ਵਿੱਚੋਂ ਇੱਕ ਚਾਈਨਾ ਮੇਡ (30 ਐਮ.ਐਮ. ਕੈਲੀਬਰ ਮਾਊਜ਼ਰ) ਅਤੇ ਮੈਗਜ਼ੀਨ ਵੀ ਬਰਾਮਦ ਹੋਇਆ ਹੈ। ਇਸ ਦੀ ਪੁਸ਼ਟੀ ਗੁਰਦਾਸਪੁਰ ਸੈਕਟਰ ਦੇ ਡੀਆਜੀ ਪ੍ਰਭਾਕਰ ਜੋਸ਼ੀ ਵੱਲੋਂ ਕਰ ਦਿੱਤੀ ਗਈ ਹੈ। ਡੀਆਈਜੀ ਜੋਸ਼ੀ ਦਾ ਕਹਿਣਾ ਹੈ ਕਿ ਸਰਹਦ ਉਤੇ ਬੀਐਸਐਫ ਵੱਲੋਂ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਬੀਐਸਐਫ ਦੇ ਜਵਾਨ ਦੁਸ਼ਮਨ ਦੀ ਹਰ ਚਾਲ ਨੂੰ ਤੋੜਣ ਵਿੱਚ ਸਕਸ਼ਮ ਹਨ।