ਨਵਾਂ ਅਤਿ-ਆਧੁਨਿਕ ਦਰਸ਼ਨ ਸਥਲ (ਦਰਸ਼ਨ ਕੋਰੀਡੋਰ) 6 ਮਹੀਨਿਆਂ ਵਿੱਚ ਹੋ ਜਾਵੇਗਾ ਤਿਆਰ
ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਬਣਾਇਆ ਜਾਵੇਗਾ ਦਰਸ਼ਨ ਸਥਲ, ਟੈਂਡਰ ਹੋਇਆ ਜਾਰੀ
ਗੁਰਦਾਸਪੁਰ, 25 ਅਕਤੂਬਰ (ਮੰਨਣ ਸੈਣੀ)। ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਅਤੇ ਬਾਬੇ ਨਾਨਕ ਦੇ ਮੁਰੀਦਾਂ ਦੀ ਇੱਕ ਹੋਰ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਜਿਸ ਦੇ ਚਲਦਿਆਂ ਆਉਣ ਵਾਲੇ ਸਮੇਂ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਕਸਬਾ ਡੇਰਾ ਬਾਬਾ ਨਾਨਕ ਤੇ ਬਣੇ ਆਈ.ਸੀ. ਪੀ ਡੇਰਾ ਬਾਬਾ ਨਾਨਕ ਟਰਮਿਨਲ ਤੇ ਇੱਕ ਨਵਾਂ ਅਤਿ-ਆਧੁਨਿਕ ‘ਦਰਸ਼ਨ ਸਥਲ’ (ਵਿਊਇੰਗ ਗੈਲਰੀ) ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਨਾਲ ਕਿਸੇ ਕਾਰਨ ਪਾਕਿਸਤਾਨ ਨਾ ਜਾ ਸਕਣ ਵਾਲੇ ਸ਼ਰਧਾਲੂ ਹੁਣ ਅੰਤਰਰਾਸ਼ਟਰੀ ਸਰਹੱਦ ਤੋਂ ਪਾਰ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਅਤਿ-ਆਧੁਨਿਕ ਦੂਰਬੀਨ ਨਾਲ ਦਰਸ਼ਨ ਕਰ ਸਕਣਗੇ। ਦ ਪੰਜਾਬ ਵਾਇਰ ਕੋਲ ਮੌਜੂਦ ਬਨਣ ਵਾਲੀ ਦਰਸ਼ਨ ਸਥਲ ਦੇ ਬਲੂ ਪ੍ਰਿੰਟ ਅਨੁਸਾਰ ਇਹ ਸਥਲ ਬੇਹੱਦ ਖੂਬਸੂਰਤ ਅਤੇ ਮਨਮੋਹਕ ਅਤੇ ਉੱਚਾ ਬਣਾਇਆ ਜਾਵੇਗਾ ਤਾਂ ਜੋਂ ਮੁਰੀਦ ਗੁਰੂਦੁਆਰਾ ਸਾਹਿਬ ਦੇ ਸਾਫ਼ ਦਰਸ਼ਨ ਕਰ ਸਕਣ। ਇਸ ਦੇ ਬਨਣ ਨਾਲ ਜਿੱਥੇ ਲੋਕਾਂ ਨੂੰ ਵੀ ਸੁਵਿਧਾ ਮਿਲੇਗੀ ਅਤੇ ਉੱਥੇ ਹੀ ਇਹ ਸ਼ਰਧਾਲੂ ਦਰਸ਼ਨ ਕਰਨ ਦੇ ਨਾਲ ਨਾਲ ਬਾਰਡਰ ਵੀ ਵੇਖ ਸਕਣਗੇਂ ।
ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ- ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਪਵਿੱਤਰ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਦੋਵਾਂ ਦੇਸ਼ਾਂ ਵਲੋਂ ਖੋਲ ਦਿੱਤਾ ਗਿਆ ਸੀ ਅਤੇ ਭਾਰਤ ਤੋਂ ਸ਼ਰਧਾਲੂ ਦਰਸ਼ਨਾਂ ਲਈ ਪਾਕਿਸਤਾਨ ਜਾ ਰਹੇ ਹਨ। ਪਰ ਇਸ ਦਰਸ਼ਨ ਸਥਲ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ, ਜੋ ਪਾਸਪੋਰਟ ਦੀ ਘਾਟ ਯਾ ਹੋਰ ਵੱਖ-ਵੱਖ ਕਾਰਨਾਂ ਕਰਕੇ ਪਾਕਿਸਤਾਨ ਨਹੀਂ ਜਾ ਸਕਦੇ ਸਨ ਅਤੇ ਗੁਰੂ ਘਰ ਦੇ ਦਰਸ਼ਨ ਸਾਫ਼ ਨਹੀਂ ਸਨ ਵੇਖ ਪਾਉਂਦੇ।
ਇਹ ਡੀਲਕਸ ਦਰਸ਼ਨ ਸਥਲ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਬਣਾਇਆ ਜਾਵੇਗਾ। ਜਿਸ ਲਈ ਟੈਂਡਰ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਸਾਈਟ ਦੀ ਉਸਾਰੀ ਲਈ ਰਾਖਵੀਂ ਕੀਮਤ 3 ਕਰੋੜ 22 ਲੱਖ ਰੁਪਏ ਰੱਖੀ ਗਈ ਹੈ ਅਤੇ ਟੈਂਡਰ ਅਲਾਟ ਹੋਣ ਤੋਂ ਬਾਅਦ ਇਸ ਨੂੰ ਛੇ ਮਹੀਨਿਆਂ ਵਿੱਚ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਦ ਪੰਜਾਬ ਵਾਇਰ ਕੋਲ ਮੌਜੂਦ ਬਲੂ ਪ੍ਰਿਟ ਅਨੂਸਾਰ ਨਵੇਂ ਦਰਸ਼ਨ ਸਥਲ ਦੀਆਂ ਦੋ ਮੰਜ਼ਲਾਂ ਹੋਣਗੀਆਂ, ਜਿਸ ਵਿੱਚ 8.5 ਮੀਟਰ ਉੱਚੀ ਇਮਾਰਤ ਹੋਵੇਗੀ ਤਾਂ ਜੋ ਭਾਰਤੀ ਸਰਹੱਦ ਤੋਂ ਪਹਿਲੀ ਮੰਜ਼ਿਲ ਤੋਂ ਕਰਤਾਰਪੁਰ ਗੁਰਦੁਆਰੇ ਦਾ ਸ਼ਾਨਦਾਰ ਦ੍ਰਿਸ਼ ਦੇਖਿਆ ਜਾ ਸਕੇ। 435 ਵਰਗ ਮੀਟਰ ਵਿੱਚ ਫੈਲੀ ਇਹ ਗੈਲਰੀ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਪੈਸੰਜਰ ਟਰਮੀਨਲ ਬਿਲਡਿੰਗ ਵਿੱਚ ਬਣਾਈ ਜਾਵੇਗੀ, ਜਿੱਥੋਂ ਸ਼ਰਧਾਲੂ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਪਾਕਿਸਤਾਨ ਵੱਲ ਜਾਣ ਲਈ ਨਿਕਲਦੇ ਹਨ।
ਪਹਿਲੀ ਮੰਜ਼ਿਲ ‘ਤੇ ਏਅਰ-ਕੰਡੀਸ਼ਨਡ ਵਿਊਇੰਗ ਏਰੀਏ ‘ਚ ਡਿਜ਼ੀਟਲ ਸਕਰੀਨ ਦੇ ਨਾਲ ਵੀਆਈਪੀ ਵਿਊਇੰਗ ਲਾਉਂਜ ਦੇ ਨਾਲ ਬਿਲਟ-ਇਨ ਵਿਊਇੰਗ ਡੈੱਕ ਦੇ ਨਾਲ ਇੱਕ VIP ਵਿਊਇੰਗ ਡੈੱਕ ਵੀ ਹੋਵੇਗਾ। ਜਦੋਂ ਕਿ ਜ਼ਮੀਨੀ ਮੰਜ਼ਿਲ ‘ਤੇ ਇਕ ਕੌਫੀ ਸ਼ਾਪ ਅਤੇ ਇਤਿਹਾਸਿਕ ਦਸਤਾਵੇਜ ਵਾਲੀ ਧਾਂ ਦੇ ਨਾਲ-ਨਾਲ ਪਖਾਨੇ ਹੋਣਗੇ।
ਅਗਲੇ ਮਹੀਨੇ ਕੰਮ ਅਲਾਟ ਹੋਣ ਤੋਂ ਬਾਅਦ ਛੇ ਮਹੀਨਿਆਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਟੈਂਡਰ ਮੰਗੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਪ੍ਰੀ-ਬਿਡ ਮੀਟਿੰਗ ਰੱਖੀ ਗਈ ਸੀ।
ਦੱਸਣਯੋਗ ਹੈ ਕਿ ਇਸ ਸਬੰਧੀ ਨਵਜੋਤ ਸਿੰਘ ਸਿੱਧੂ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਪਿਛਲੇ ਸਾਲ ਕੇਂਦਰ ਨੂੰ ਨਵਾਂ ਦਰਸ਼ਨ ਸਥਲ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਇਹ ਉਨ੍ਹਾਂ ਹਜ਼ਾਰਾਂ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋਵੇਗਾ ਜੋ ਮੌਜੂਦਾ ਲਾਂਘੇ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਕਈ ਕਾਰਨਾਂ ਕਰਕੇ ਪਾਕਿਸਤਾਨ ਦੇਖਣ ਵਿੱਚ ਜਾਣ ਤੋਂ ਅਸਮਰੱਥ ਹਨ।
ਦੱਸਨਯੋਗ ਹੈ ਕਿ ਹੁਣ ਤੱਕ ਲਾਂਘੇ ਰਾਹੀਂ ਗੁਰਦੁਆਰੇ ਦੇ ਦਰਸ਼ਨ ਕਰਨ ਲਈ, ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ, ਪਾਕਿਸਤਾਨੀ ਅਧਿਕਾਰੀਆਂ ਨੂੰ $20 ਫੀਸ ਅਦਾ ਕਰਨੀ ਪੈਂਦੀ ਹੈ ਅਤੇ ਦੋ ਹਫ਼ਤੇ ਪਹਿਲਾਂ ਆਨਲਾਈਨ ਇਜਾਜ਼ਤ ਲਈ ਅਰਜ਼ੀ ਦੇਣੀ ਪੈਂਦੀ ਹੈ। ਪਰ ਗੈਲਰੀ ਰਾਹੀਂ ਦਰਸ਼ਨ ਸਥਲ ਤੋਂ ਹੁਣ ਅਤਿ-ਆਧੁਨਿਕ ‘ਦਰਸ਼ਨ ਸਥਲ ਅਤੇ ਵਧਿਆ ਦੂਰਬੀਨ ਅਤੇ ਉੱਚੀ ਜਗਹ ਨਾਲ ਗੁੂਰੂ ਧਾਮ ਦੇ ਦੀਦਾਰ ਵਧੀਆ ਤਰੀਕੇ ਨਾਲ ਹੋ ਜਾਏਗੇਂ।