Close

Recent Posts

ਮੁੱਖ ਖ਼ਬਰ

‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮੇਜ਼ਬਾਨੀ ਕਰਨ ਲਈ ਜ਼ਿਲ੍ਹਾ ਗੁਰਦਾਸਪੁਰ ਪੂਰੀ ਤਰਾਂ ਤਿਆਰ

‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮੇਜ਼ਬਾਨੀ ਕਰਨ ਲਈ ਜ਼ਿਲ੍ਹਾ ਗੁਰਦਾਸਪੁਰ ਪੂਰੀ ਤਰਾਂ ਤਿਆਰ
  • PublishedAugust 24, 2022

ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ

ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਨਾਮ 30 ਅਗਸਤ ਤੱਕ ਆਨ-ਲਾਈਨ ਰਜਿਸਟਰਡ ਜਰੂਰ ਕਰਨ

ਗੁਰਦਾਸਪੁਰ, 24 ਅਗਸਤ ( ਮੰਨਣ ਸੈਣੀ ) । ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮੇਜ਼ਬਾਨੀ ਕਰਨ ਲਈ ਜ਼ਿਲ੍ਹਾ ਗੁਰਦਾਸਪੁਰ ਪੂਰੀ ਤਰਾਂ ਤਿਆਰ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਵੱਖ-ਵੱਖ ਸਥਾਨਾਂ ’ਤੇ ਇਹ ਖੇਡਾਂ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਖੇਡ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਕੀਤੀ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਸਟੇਡੀਅਮ, ਐੱਸ.ਐੱਸ.ਐੱਮ. ਕਾਲਜ ਦੀਨਾਨਗਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਦੀਨਾਨਗਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾਬਾਲਾ, ਸਪੋਰਟਸ ਸਟੇਡੀਅਮ ਕਾਦੀਆਂ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ, ਗੁਰੂ ਨਾਨਕ ਕਾਲਜ ਸਟੇਡੀਅਮ ਕਾਲਾ ਅਫ਼ਗਾਨਾ, ਆਈ.ਟੀ.ਆਈ. ਬਟਾਲਾ, ਰਾਜੀਵ ਗਾਂਧੀ ਸਟੇਡੀਅਮ ਬਟਾਲਾ, ਕੋਟਲਾ ਸ਼ਾਹੀਆਂ ਸਟੇਡੀਅਮ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਡੇਰਾ ਬਾਬਾ ਨਾਨਕ, ਬਾਬਾ ਕਾਰ ਸਿੰਘ ਸਟੇਡੀਅਮ ਕਲਾਨੌਰ, ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ, ਨਵੋਦਿਆ ਸਕੂਲ ਅਤੇ ਬਾਬਾ ਅਜੇ ਸਿੰਘ ਖ਼ਾਲਸਾ ਕਾਲਜ ਗੁਰਦਾਸ ਨੰਗਲ ਦੇ ਖੇਡ ਮੈਦਾਨਾਂ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾਣਗੀਆਂ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਡ ਵਿਭਾਗ ਸਮੇਤ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਜ਼੍ਹਿਲੇ ਦੇ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਫੁੱਟਬਾਲ, ਅਥਲੈਟਿਕਸ, ਖੋਹ-ਖੋਹ, ਕਬੱਡੀ, ਵਾਲੀਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਰੱਸਾ-ਕੱਸੀ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰ ਦੇ ਇਹ ਖੇਡ ਮੁਕਾਬਲੇ ਅੰਡਰ-14, 17, 21, 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਲਈ 01 ਸਤੰਬਰ ਤੋਂ ਲੈ ਕੇ 07 ਸਤੰਬਰ 2022 ਤੱਕ ਕਰਵਾਏ ਜਾ ਰਹੇ ਹਨ। ਇਸ ਉਪਰੰਤ 12 ਸਤੰਬਰ ਤੋਂ ਲੈ ਕੇ 21 ਸਤੰਬਰ 2022 ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਏ ਜਾਣ ਤਾਂ ਜੋ ਖੇਡ ਮੁਕਾਬਲਿਆਂ ਦੌਰਾਨ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਦੇ ਸਮੂਹ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜਾ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਜਰੂਰ ਲੈਣ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਲਈ ਖੇਡ ਵਿਭਾਗ ਦੇ ਆਨ-ਲਾਈਨ ਪੋਰਟਲ  www.punjabkhedmela2022.in  ’ਤੇ 30 ਅਗਸਤ ਨੂੰ ਸ਼ਾਮ 5 ਵਜੇ ਤੱਕ ਆਪਣਾ ਨਾਮ ਜਰੂਰ ਰਜਿਸਟਰਡ ਕੀਤਾ ਜਾਵੇ।

ਇਸ ਮੌਕੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਪਰਮਜੀਤ ਕੌਰ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Written By
The Punjab Wire