ਸਮਾਜਿਕ ਸਿੱਖਿਆ ਅਤੇ ਪੰਜਾਬੀ ਦੀਆਂ ਆਸਾਮੀਆਂ ਲਈ ਪ੍ਰੀਖਿਆ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ: ਹਰਜੋਤ ਸਿੰਘ ਬੈਂਸ
39772 ਉਮੀਦਵਾਰ ਚੰਡੀਗੜ ਅਤੇ ਮੋਹਾਲੀ ਸਥਿਤ 83 ਪ੍ਰੀਖਿਆ ਕੇਂਦਰਾਂ ਵਿੱਚ 21 ਅਗਸਤ ਨੂੰ ਦੇਣਗੇ ਪ੍ਰੀਖਿਆ
ਚੰਡੀਗੜ, 20 ਅਗਸਤ (ਦ ਪੰਜਾਬ ਵਾਇਰ)। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਪੰਜਾਬ ਰਾਜ ਵਿੱਚ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲ ਸਿੱਖਿਆ ਵਿਭਾਗ ਵਿੱਚ 4161 ਆਸਾਮੀਆਂ ਲਈ ਭਰਤੀ ਪ੍ਰੀਖਿਆ 21ਅਗਸਤ 2022 ਤੋਂ ਕਰਵਾਈ ਜਾ ਰਹੀ ਹੈ। ਉਕਤ ਪ੍ਰਗਟਾਵਾ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਕੀਤਾ ਗਿਆ।
ਉਨਾਂ ਦੱਸਿਆ ਕਿ ਸਮਾਜਿਕ ਸਿੱਖਿਆ ਅਤੇ ਪੰਜਾਬੀ ਵਿਸ਼ੇ ਲਈ ਪ੍ਰੀਖਿਆ 21 ਅਗਸਤ 2022 ਨੂੰ ਚੰਡੀਗੜ ਅਤੇ ਮੋਹਾਲੀ ਸਥਿਤ 83 ਪ੍ਰੀਖਿਆ ਕੇਂਦਰਾਂ ਵਿਖੇ ਕਰਵਾਈ ਜਾ ਰਹੀ ਹੈ। ਇਨਾਂ ਕੇਂਦਰਾਂ ਵਿਖੇ ਪ੍ਰੀਖਿਆ ਸਬੰਧੀ ਸਾਰੀਆ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਸਵੇਰ ਦੇ ਸਮੇਂ 48 ਕੇਂਦਰਾਂ ਵਿਚ ਲਈ ਜਾਵੇਗੀ ਜਦਕਿ ਪੰਜਾਬੀ ਵਿਸ਼ੇ ਲਈ ਪ੍ਰੀਖਿਆ ਬਾਅਦ ਦੁਪਹਿਰ 35 ਕੇਂਦਰਾਂ ਵਿਖੇ ਲਈ ਜਾਵੇਗੀ।
ਸ. ਬੈਂਸ ਨੇ ਦੱਸਿਆ ਕਿ ਸਮਾਜਿਕ ਸਿੱਖਿਆ ਵਿਸ਼ੇ ਦੀਆਂ 633 ਆਸਾਮੀਆਂ ਲਈ 23858 ਉਮੀਦਵਾਰ ਅਤੇ ਪੰਜਾਬੀ ਵਿਸ਼ੇ ਦੀਆਂ 534 ਆਸਾਮੀਆਂ ਲਈ 15914 ਪ੍ਰੀਖਿਆ ਦੇਣਗੇ। ਉਨਾਂ ਦੱਸਿਆ ਕਿ ਇਹ ਭਰਤੀ ਪ੍ਰੀਖਿਆ 4161 ਅਸਾਮੀਆਂ ਲਈ ਬੀਤੇ ਸਮੇਂ ਵਿੱਚ ਜਾਰੀ ਇਸ਼ਤਿਹਾਰ ਦੇ ਸਨਮੁੱਖ ਕਰਵਾਈ ਜ ਰਹੀ ਹੈ। ਉਨਾਂ ਦੱਸਿਆ ਕਿ ਇਸੇ ਲੜੀ ਤਹਿਤ 28 ਅਗਸਤ 2022 ਨੂੰ ਗਣਿਤ ਅਤੇ ਹਿੰਦੀ ਵਿਸ਼ੇ ਲਈ, 4 ਸਤੰਬਰ 2022 ਨੂੰ ਸਰੀਰਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਲਈ ਜਦਕਿ 11 ਸਤੰਬਰ 2022 ਸਾਇੰਸ ਅਤੇ ਸੰਗੀਤ ਵਿਸ਼ੇ ਦੀ ਪ੍ਰੀਖਿਆ ਲਈ ਜਾਵੇਗੀ ।
ਸਕੂਲ ਸਿੱਖਿਆ ਮੰਤਰੀ ਨੇ ਪ੍ਰੀਖਿਆ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ’ਤੇ ਜੈਮਰ ਲਗਾਏ ਹਨ ਅਤੇ ਨਿਗਰਾਨ ਅਤੇ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਵਿੱਚ ਮੋਬਾਇਲ ਫੋਨ ਅਤੇ ਹੋਰ ਬਿਜਲਈ ਉਪਕਰਣ ਲਿਜਾਣ ਤੇ ਪਾਬੰਦੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਪ੍ਰੀਖਿਆ ਸਬੰਧੀ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਬਾਇਓਮੀਟਿ੍ਰਕ ਵਿਧੀ ਦੀ ਵੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਇਕ ਹੀ ਸ਼ਹਿਰ ਵਿਚ ਭਰਤੀ ਪ੍ਰੀਖਿਆ ਕਰਵਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਭਰਤੀ ਪ੍ਰੀਖਿਆ ਦੀ ਨਿਗਰਾਨੀ ਸਹੀ ਤਰੀਕੇ ਨਾਲ ਹੋ ਸਕੇਗੀ ਅਤੇ ਕਿਸੇ ਕਿਸਮ ਦੀ ਤਕਨੀਕੀ ਦਿੱਕਤ ਪੇਸ਼ ਆਉਣ ਤੇ ਉਸ ਨੂੰ ਬਿਨਾ ਸਮਾਂ ਗਵਾਏ ਦਰੁਸਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਸਾਰੀ ਪ੍ਰੀਕਿਰਿਆ ਦਾ ਉਦੇਸ਼ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਕਾਬਲ ਉਮੀਦਵਾਰ ਪਿੱਛੇ ਨਾ ਰਹਿ ਜਾਵੇ।