ਸੂਬੇ ਵਿਚ ਸਿਹਤ ਸੈਕਟਰ ਢਹਿ ਢੇਰੀ ਹੋਣ ’ਤੇ ਹੈਰਾਨੀ ਪ੍ਰਗਟਾਈ
ਅੰਮ੍ਰਿਤਸਰ, 20 ਅਗਸਤ ( ਦ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਵਿਚ ਸ਼ਰਾਬ ਮਾਫੀਆ ਦੇ ਕੰਮ ਦੀ ਉਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸੇ ਮਾਫੀਆ ਦੀ ਜਾਂਚ ਦਿੱਲੀ ਵਿਚ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਜਿਸਨੇ ਦਿੱਲੀ ਦੇ ਸਾਰੇ ਸ਼ਰਾਬ ਕਾਰੋਬਾਰ ’ਤੇ ਕਬਜ਼ਾ ਕਰ ਲਿਆ ਸੀ।
ਇਥੇ ਸ਼ਿਵਾਲਾ ਮੰਦਿਰ ਵਿਚ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਖ਼ਜ਼ਾਨੇ ਨੁੰ ਲੁੱਟ ਰਹੀ ਹੈ ਤਾਂ ਜੋ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਚੋਣਾਂ ਲੜੀਆਂ ਜਾ ਸਕਣ। ਉਹਨਾਂ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ, ਜਿਸ ਨਾਲ ਸ਼ਰਾਬ ਦਾ ਕਾਰੋਬਾਰ ਕੁਝ ਚੋਣਵੇਂ ਲੋਕਾਂ ਦੇ ਹੱਥਾਂ ਵਿਚ ਸਿਮਟ ਕੇ ਰਹਿ ਗਿਆ ਹੈ, ਦਿੱਲੀ ਦੀ ਆਬਕਾਰੀ ਨੀਤੀ ਦੀ ਨਕਲ ਹੈ। ਉਹਨਾਂ ਕਿਹਾ ਕਿ ਜਦੋਂ ਦਿੱਲੀ ਵਿਚ ਸ਼ਰਾਬ ਨੀਤੀ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਹੋ ਰਹੀ ਹੈ ਤਾਂ ਫਿਰ ਪੰਜਾਬ ਵਿਚ ਵੀ ਹੋਣੀ ਚਾਹੀਦੀ ਹੈ।
ਜਦੋਂ ਪੁੱਛਿਆ ਗਿਆ ਤਾਂ ਸਰਦਾਰ ਮਜੀਠੀਆ ਨੇ ਹੈਰਾਨੀ ਪ੍ਰਗਟ ਕੀਤੀ ਕਿ ਸੂਬੇ ਵਿਚ ਸਿਹਤ ਸੈਕਟਰ ਢਹਿ ਢੇਰੀ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਸਿਹਤ ਮੰਤਰੀ ਤੇ ਆਪ ਵਿਧਾਇਕਾਂ ਵੱਲੋਂ ਹਸਪਤਾਲਾਂ ਵਿਚ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਡਾਕਟਰਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੈਰਾਨੀ ਇਹ ਹੈ ਕਿ ਆਪ ਸਰਕਾਰ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਨਾਲ ਸਰਕਾਰੀ ਹਸਪਤਾਲਾਂ ਵਾਸਤੇ ਪੈਸਾ ਜਾਰੀ ਨਹੀਂ ਕਰ ਰਹੀ ਜਦੋਂ ਕਿ ਆਪ ਦੇ ਵਿਧਾਇਕ ਸਿਹਤ ਸਪੈਸ਼ਲਿਸਟਾਂ ਨਾਲ ਲੜ ਰਹੇ ਹਨ। ਉਹਨਾਂ ਕਿਹਾ ਕਿ ਸਾਬਕਾ ਵਾਈਸ ਚਾਂਸਲਰ ਤੇ ਪ੍ਰਮੁੱਖ ਸਰਜਨ ਡਾ. ਰਾਜ ਬਹਾਦਰ ਨਾਲ ਜਨਤਕ ਤੌਰ ’ਤੇ ਬਦਸਲੂਕੀ ਕੀਤੇ ਜਾਣ ਨਾਲ ਡਾਕਟਰਾਂ ਵਿਚ ਗਲਤ ਸੰਦੇਸ਼ ਗਿਆ ਹੈ ਅਤੇ ਇਹ ਢੁਕਵਾਂ ਸਮਾਂ ਹੈ ਕਿ ਸਰਕਾਰ ਸਰਕਾਰੀ ਹਸਪਤਾਲਾਂ ਨੁੰ ਪੈਸਾ ਜਾਰੀ ਕਰੇ ਨਾ ਕਿ ਸੇਵਾ ਕੇਂਦਰਾਂ ਦੀ ਲੀਪਾ ਪੋਥੀ ਕਰ ਕੇ ਉਹਨਾਂ ਨੁੰ ਮੁਹੱਲਾ ਕਲੀਨਿਕ ਬਣਾਉਣ ’ਤੇ ਸਰੋਤ ਜਾਇਆ ਕਰੇ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਆਪ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਿਉਂਕਿ ਸੂਬੇ ਦੀਆਂ ਮਹਿਲਾਵਾਂ 1 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਉਡੀਕ ਕਰ ਰਹੀਆਂ ਹਨ ਜਦੋਂ ਕਿ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਨੌਜਵਾਨ ਸਰਕਾਰੀ ਨੌਕਰੀਆਂ ਉਡੀਕ ਰਹੇ ਹਨ।
ਅਕਾਲੀ ਆਗੂ ਨੇ ਇਸ ਮੌਕੇ ਬਦਲਾਖੋਰੀ ਦੀ ਰਾਜਨੀਤੀ ਤਿਆਗਣ ਦਾ ਵੀ ਸੱਦਾ ਦਿੱਤਾ ਤੇ ਕਿਹਾ ਕਿ ਜਿਹਨਾਂ ਪਹਿਲਾਂ ਬਦਲੋਰੀ ਕੀਤੀ, ਉਹਨਾਂ ਨੂੰ ਕੁਝ ਨਹੀਂ ਮਿਲਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਭੱਜ ਗਏ ਹਨ ਅਤੇ ਵਾਪਸ ਨਹੀਂ ਪਰਤ ਰਹੇ ਜਦੋਂ ਕਿ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੋਸ਼ੀ ਠਹਿਰਾਏ ਜਾਣ ਮਗਰੋਂ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ।
ਉਹਨਾਂ ਨੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦੀ ਉਮੀਦਵਾਰੀ ਦੀ ਹਮਾਇਤ ਕੀਤੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਵਿਚ ਮੇਰੇ ਦੇਰੀ ਨਾਲ ਆਉਣ ਕਾਰਨ ਸਮਾਂ ਭਾਵੇਂ ਘੱਟ ਮਿਲਿਆ ਪਰ ਮੈਨੂੰ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਤੋਂ ਬਹੁਤ ਪਿਆ ਰਤੇ ਸਤਿਕਾਰ ਮਿਲਿਆ। ਇਹਨਾਂ ਲੋਕਾਂ ਨੇ ਹੀ ਮੇਰੀ ਜ਼ਮਾਨਤ ਲਈ ਅਰਦਾਸਾਂ ਕੀਤੀਆਂ ਤੇ ਮੈਂ ਇਸ ਹਮਾਇਤ ਲਈ ਇਹਨਾਂ ਦਾ ਧੰਨਵਾਦੀ ਹਾਂ।