Close

Recent Posts

ਗੁਰਦਾਸਪੁਰ ਪੰਜਾਬ

ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਪੰਜਾਬ ਸਰਕਾਰ 29 ਅਗਸਤ ਤੋਂ ਸ਼ੁਰੂ ਕਰੇਗੀ “ਖੇਡਾਂ ਵਤਨ ਪੰਜਾਬ ਦੀਆਂ”

ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਪੰਜਾਬ ਸਰਕਾਰ 29 ਅਗਸਤ ਤੋਂ ਸ਼ੁਰੂ ਕਰੇਗੀ “ਖੇਡਾਂ ਵਤਨ ਪੰਜਾਬ ਦੀਆਂ”
  • PublishedAugust 20, 2022

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ “ਖੇਡਾਂ ਵਤਨ ਪੰਜਾਬ ਦੀਆਂ” ਲਈ ਪੂਰੀ ਤਰਾਂ ਤਿਆਰ – ਡਿਪਟੀ ਕਮਿਸ਼ਨਰ

ਬਲਾਕ ਤੋਂ ਸੂਬਾ ਪੱਧਰ ਤੱਕ ਹੋਣਗੇ ਮੁਕਾਬਲੇ, 5 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ

ਗੁਰਦਾਸਪੁਰ, 20 ਅਗਸਤ ( ਮੰਨਣ ਸੈਣੀ ) । ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂੱਲਿਤ ਅਤੇ ਉਤਸ਼ਾਹਿਤ ਕਰਨ ਲਈ 29 ਅਗਸਤ ਤੋਂ ਰਾਜ ਭਰ ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ਤਹਿਤ ਖੇਡਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ ਹੋਣ ਵਾਲੇ ਖੇਡ ਮੁਕਾਬਲਿਆਂ ਦੇ ਜੇਤੂਆਂ ਨੂੰ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਨਰੋਈ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ “ਖੇਡਾਂ ਵਤਨ ਪੰਜਾਬ ਦੀਆਂ” ਕਰਵਾਈਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਅੰਡਰ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਤੋਂ ਸੂਬਾ ਪੱਧਰ ਤੱਕ ਚੱਲਣ ਵਾਲੀਆਂ “ਖੇਡਾਂ ਵਤਨ ਪੰਜਾਬ ਦੀਆਂ” ਦੀ ਸ਼ੁਰੂਆਤ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਵੇਗੀ ਜਿਹੜੀਆਂ ਦੋ ਤੋਂ ਤਿੰਨ ਮਹੀਨੇ ਤੱਕ ਚੱਲਣਗੀਆਂ।

ਉਨ੍ਹਾਂ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਛੇ ਉਮਰ ਵਰਗ ਸ਼ਾਮਲ ਕੀਤੇ ਗਏ ਹਨ। ਪਹਿਲਾਂ ਕਰਵਾਏ ਜਾਂਦੇ ਅੰਡਰ-14, ਅੰਡਰ-17 ਤੇ 17 ਤੋਂ 25 ਸਾਲ ਉਮਰ ਵਰਗ ਤੋਂ ਇਲਾਵਾ ਪਹਿਲੀ ਵਾਰ 25 ਤੋਂ 40 ਸਾਲ, 40 ਤੋਂ 50 ਸਾਲ ਅਤੇ 50 ਤੋਂ 60 ਸਾਲ ਉਮਰ ਵਰਗ ਦੇ ਵੀ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਐਥਲੈਟਿਕਸ, ਵੇਟਲਿਫਟਿੰਗ, ਬੈਡਮਿੰਟਨ, ਕ੍ਰਿਕਟ, ਸਾਈਕਲਿੰਗ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਬਾਡੀ ਬਿਲਡਿੰਗ, ਤਲਵਾਰਬਾਜ਼ੀ, ਜਿਮਨਾਸਟਿਕ, ਰੋਇੰਗ, ਫੁਟਬਾਲ, ਸਾਫਟਬਾਲ, ਹਾਕੀ, ਨੈਟਬਾਲ, ਹੈਂਡਬਾਲ, ਕਿੱਕ ਬਾਕਸਿੰਗ, ਜੂਡੋ, ਸਤਰੰਜ, ਕਬੱਡੀ, ਗੱਤਕਾ, ਖੋ-ਖੋ, ਵਾਬੀਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਮੁੱਕੇਬਾਜ਼ੀ, ਤੈਰਾਕੀ, ਕੁਸ਼ਤੀ ਤੇ ਰੱਸ਼ਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ “ਖੇਡਾਂ ਵਤਨ ਪੰਜਾਬ ਦੀਆਂ” ਕਰਵਾਉਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਖੇਡ ਮੁਕਾਬਲੇ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ਼ਹਿਰੀ ਖੇਤਰਾਂ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਬਟਾਲਾ ਸ਼ਹਿਰ ਵਿੱਚ ਕਮਿਸ਼ਨਰ ਨਗਰ ਨਿਗਮ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਹਿੱਸਾ ਲੈਣ ਲਈ ਖਿਡਾਰੀ 25 ਅਗਸਤ ਤਕ www.punjabkhedmela2022.in ਉੱਤੇ ਰਜਿਸਟਰੇਸ਼ਨ ਕਰ ਸਕਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਵੱਧ ਤੋਂ ਰਜਿਸਟਰੇਸ਼ਨ ਕਰਨ ਦੀ ਅਪੀਲ ਕੀਤੀ ਹੈ।

Written By
The Punjab Wire