ਹੋਰ ਗੁਰਦਾਸਪੁਰ ਪੰਜਾਬ

ਬੀ.ਐਸ.ਸੀ ਪਾਸ ਖੇਤੀਬਾੜੀ ਵਿਸਥਾਰ ਅਫਸਰਾਂ ਤੇ ਸਬ-ਇਸਪੈਕਟਰਾਂ ਨੂੰ ਦਿੱਤਾ ਜਾਵੇ ਕਵਾਲਿਟੀ ਕੰਟਰੋਲ ਦਾ ਕੰਮ

ਬੀ.ਐਸ.ਸੀ ਪਾਸ ਖੇਤੀਬਾੜੀ ਵਿਸਥਾਰ ਅਫਸਰਾਂ ਤੇ ਸਬ-ਇਸਪੈਕਟਰਾਂ ਨੂੰ ਦਿੱਤਾ ਜਾਵੇ ਕਵਾਲਿਟੀ ਕੰਟਰੋਲ ਦਾ ਕੰਮ
  • PublishedAugust 20, 2022

ਖੇਤੀ ਵਿਕਾਸ ਅਫ਼ਸਰਾਂ ਦੀ ਬੇਲੋੜੀ ਹੜਤਾਲ ਕਾਰਨ ਐਸੋਸੀਏਸ਼ਨ ਨੇ ਕੀਤੀ ਮੰਗ

ਚੰਡੀਗੜ, 18 ਅਗਸਤ ( ਦ ਪੰਜਾਬ ਵਾਇਰ)। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਖੇਤੀਬਾੜੀ ਸੇਵਾਵਾਂ ਤੋਂ ਸੱਖਣੇ ਸਰਕਲਾਂ ਵਿੱਚ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਬਦਲੀਆਂ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਵਿਸਥਾਰ ਅਫਸਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਪਿਛਲੇ ਕਰੀਬ 15-20 ਸਾਲਾਂ ਤੋਂ ਖਾਲੀ ਪਏ ਪੇਂਡੂ ਸਰਕਲਾਂ ਵਿੱਚ ਵਿਭਾਗ ਦੇ ਕਲਾਸ ਵਨ ਖੇਤੀਬਾੜੀ ਵਿਕਾਸ ਵਿਸਥਾਰ ਅਫਸਰਾਂ ਨੂੰ ਤੈਨਾਤ ਕਰਕੇ ਸਰਕਾਰ ਨੇ ਦੂਰਅੰਦੇਸ਼ੀ ਵਾਲਾ ਫ਼ੈਸਲਾ ਲਿਆ ਹੈ। ਉਨਾਂ ਕਿਹਾ ਕਿ ਇਨ੍ਹਾਂ ਬਦਲੀਆਂ ਦਾ ਵਿਰੋਧ ਕਰ ਰਹੇ ਖੇਤੀਬਾੜੀ ਵਿਕਾਸ ਅਫਸਰਾਂ ਵੱਲੋਂ ਸੂਬੇ ਅੰਦਰ ਖੇਤੀ ਇਨਪੁਟਸ ਦੀ ਕੁਆਲਿਟੀ ਬਰਕਰਾਰ ਰੱਖਣ ਸਬੰਧੀ ਡਿਊਟੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਬਿਹਤਰ ਕੁਆਲਿਟੀ ਦੇ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਹੜਤਾਲ ‘ਤੇ ਗਏ ਖੇਤੀਬਾੜੀ ਵਿਕਾਸ ਅਫਸਰਾਂ ਦੀ ਜਗ੍ਹਾ ‘ਤੇ ਬੀਐੱਸਸੀ ਪਾਸ ਖੇਤੀਬਾਡੀ ਵਿਸਥਾਰ ਅਫਸਰਾਂ ਅਤੇ ਖੇਤੀਬਾੜੀ ਸਬ ਇੰਸਪੈਕਟਰਾਂ ਨੂੰ ਬਤੌਰ ਇਨਸੈਕਟੀਸਾਈਡ ਇੰਸਪੈਕਟਰ, ਫਰਟੀਲਾਈਜ਼ਰ ਇੰਸਪੈਕਟਰ ਅਤੇ ਬੀਜ ਇੰਸਪੈਕਟਰ ਨਾਮਜਦ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਹੋਰ ਵੀ ਬਿਹਤਰ ਕੁਆਲਿਟੀ ਦੇ ਖੇਤੀ ਇਨਪੁੱਟਸ ਮੁਹੱਈਆ ਹੋਣਗੇ ਅਤੇ ਸਰਕਾਰ ਉੱਪਰ ਕੋਈ ਵਾਧੂ ਵਿੱਤੀ ਬੋਝ ਵੀ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਕਾਸ ਅਫਸਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਗਲਤ ਬਦਲੀਆਂ ਕੀਤੀਆਂ ਹਨ ਜਦੋਂ ਕਿ 2013 ਦੇ ਗਰੁੱਪ-ਏ ਸਰਵਿਸ ਰੂਲਾਂ ਵਿਚ ਏਈਓ ਅਤੇ ਏਡੀਓ ਬਰਾਬਰ ਦੀਆਂ ਪੋਸਟਾਂ ਐਲਾਨੀਆਂ ਗਈਆਂ ਸਨ ਅਤੇ ਇਹ ਦੋਵੇਂ ਅਸਾਮੀਆਂ ਇੱਕੋ ਗਰੇਡ ਤੇ ਇੱਕੋ ਦਰਜੇ ਵਿਚ ਹਨ। ਉਨਾਂ ਸਪੱਸ਼ਟ ਕੀਤਾ ਕਿ ਬਹੁਤ ਸਾਰੇ ਖੇਤੀਬਾੜੀ ਵਿਸਥਾਰ ਅਫਸਰ ਬੀਐੱਸਸੀ, ਐੱਮਐੱਸਸੀ ਅਤੇ ਉਚ ਯੋਗਤਾ ਰੱਖਦੇ ਹਨ ਅਤੇ ਖੇਤੀਬਾੜੀ ਸਬ ਇੰਸਪੈਕਟਰ ਦੀ ਮੁੱਢਲੀ ਯੋਗਤਾ ਵੀ ਬੀਐੱਸਸੀ ਖੇਤੀਬਾੜੀ ਅਤੇ ਡਿਪਲੋਮਾ ਖੇਤੀਬਾੜੀ ਹੈ। ਜਿਹੜੇ ਖੇਤੀਬਾੜੀ ਸਬ ਇੰਸਪੈਕਟਰ ਡਿਪਲੋਮਾ ਹੋਲਡਰ ਹਨ, ਉਹ ਲੰਮੇ ਸਮੇਂ ਦੀਆਂ ਸੇਵਾਵਾਂ ਦੇ ਬਾਅਦ ਪਦ ਉਨਤ ਹੋ ਕੇ ਖੇਤੀਬਾੜੀ ਵਿਸਥਾਰ ਅਫਸਰ ਬਣੇ ਹਨ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬੀਐਸਸੀ ਪਾਸ ਖੇਤੀਬਾੜੀ ਵਿਸਥਾਰ ਅਫਸਰਾਂ ਨੂੰ ‘ਜ਼ਿਲ੍ਹਾ ਕੰਮ’ ਅਤੇ ‘ਪੀਪੀ’ ਵਾਲੀਆਂ ਪੋਸਟਾਂ ਤੇ ਵੀ ਤਾਇਨਾਤ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਹਉਮੈ ਨੂੰ ਤਿਆਗ ਕੇ ਇਹ ਬੇਲੋੜਾ ਧਰਨਾ ਖਤਮ ਕਰਨ ਅਤੇ ਕਿਸਾਨਾਂ ਦੀ ਸੇਵਾ ਲਈ ਆਪਣੀਆਂ ਡਿਊਟੀਆਂ ਤੇ ਵਾਪਸ ਪਰਤਣ।

Written By
The Punjab Wire