ਗੁਰਦਾਸਪੁਰ, 17 ਅਗਸਤ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਅਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਇੰਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਪਿਛਲੇ ਸੱਤ ਸਾਲਾਂ ਤੋਂ ਇੰਨਸਾਫ਼ ਦੀ ਉਡੀਕ ਹੈ ਜੋਂ ਹਾਲੇ ਤੱਕ ਨਹੀਂ ਮਿਲਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ ਸਾਲ IPS ਦੀ ਨੌਕਰੀ ਛੱਡਣ ਉਪਰੰਤ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਲਗਾਈ। ਉਨ੍ਹਾਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੋਰਾਨ ਵੀ ਇਹ ਮੁੱਦਾ ਉਠਾਇਆ ਸੀ ਪਰ ਹਾਲੇ ਵੀ ਉਹ ਇੰਨਸਾਫ ਦੀ ਉਡੀਕ ਕਰ ਰਹੇ ਹਨ।
ਸੋਸ਼ਲ ਮੀਡੀਆ ਤੇ ਬੇਹੱਦ ਹੀ ਭਾਵੁਕ ਪੋਸਟ ਪਾ ਕੇ ਵਿਧਾਇਕ ਕੁੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਿਖਿਆ ਕਿ ਅੱਜ ਸਵੇਰੇ ਸਵੇਰੇ ਇੱਕ ਵਿਅਕਤੀ ਉਨ੍ਹਾਂ ਨੂੰ ਮਿਲਣ ਵਾਸਤੇ ਆਏ ਜਿਹਨਾਂ ਦਾ ਨਾਂ ਬੂਟਾ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਵਾਸੀ ਪਿੰਡ ਰੋੜੀਕਪੂਰਾ ਜ਼ਿਲ੍ਹਾ ਫ਼ਰੀਦਕੋਟ ਸੀ। ਉਹ ਕੋਟਕਪੂਰਾ ਫਾਇਰਿੰਗ ਕੇਸ ਦੇ ਵਿੱਚ ਗਵਾਹ ਹਨ। ਬੇਅਦਬੀ ਦੇ ਖ਼ਿਲਾਫ਼ ਰੋਸ਼ ਧਰਨੇ ਵਿੱਚ ਸ਼ਾਮਿਲ ਸਨ।
ਮਿਤੀ 14.10.2015 ਨੂੰ ਕੋਟਕਪੂਰਾ ਵਿਖੇ ਫਾਇਰਿੰਗ ਦੌਰਾਨ ਇਸਦੇ ਸੱਜੇ ਪੱਟ ਵਿੱਚ ਗੋਲੀ ਲੱਗਣ ਨਾਲ ਇਹ ਵਿਅਕਤੀ ਜ਼ਖ਼ਮੀ ਹੋ ਗਿਆ, ਜ਼ਖ਼ਮੀ ਹੋਣ ਤੋਂ ਬਾਅਦ ਵੀ ਪੁਲਿਸ ਵੱਲੋ ਬੇ-ਰਹਿਮੀ ਦੇ ਨਾਲ ਉਸ ਦੀ ਮਾਰ ਕੁਟਾਈ ਕੀਤੀ ਗਈ, ਕੁੱਝ ਲੋਕਾਂ ਨੇ ਉਸ ਨੂੰ ਕੋਠੇ ਵੜਿੰਗ ਗੁਰਦੁਆਰਾ ਸਾਹਿਬ ਪਹੁੰਚਾਇਆ। ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਜ਼ੋ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲੈ ਗਏ, ਉਥੇ ਦੌਰਾਨੇ ਇਲਾਜ਼ ਪੁਲਸ ਦਾ ਇੱਕ DSP ਆਇਆ ਅਤੇ ਉਸਨੂੰ ਹੌਸਪੀਟਲ ਤੋਂ ਭੱਜਾ ਦਿੱਤਾ। ਡਾਕਟਰਾਂ ਨੂੰ ਇਹ ਕਹਿ ਗਿਆ ਕਿ ਵੱਡਿਆਂ ਦਾ ਹੁਕਮ ਹੈ ਕਿਸੇ ਦਾ ਇਲਾਜ ਨਹੀਂ ਕਰਨਾ ਹੈ।
ਬੇਵੱਸ ਹੋ ਕੇ ਬੂਟਾ ਸਿੰਘ ਨੂੰ ਪਿੰਡ ਦੇ ਇੱਕ RMP ਡਾਕਟਰ ਕੋਲ ਜਾਣਾ ਪਿਆ ਜਿੱਥੇ ਉਸ ਦੇ ਪੱਟ ਵਿੱਚ ਲੱਗੀ ਗੋਲੀ ਨੂੰ ਬਾਹਰ ਕੱਢਿਆ ਗਿਆ। ਇਹ ਸਾਰਾ ਵ੍ਰਿਤਾਂਤ ਬੂਟਾ ਸਿੰਘ ਅਤੇ ਉਸਦੇ ਪਰਿਵਾਰ ਨੂੰ ਜਲਿਆਂਵਾਲਾ ਬਾਗ਼ ਦੀ ਯਾਦ ਤਾਜਾ ਕਰ ਗਿਆ।
ਜਦੋਂ 2018 ਵਿੱਚ SIT ਦਾ ਗਠਨ ਹੋਇਆ ਤਾਂ ਸਾਡੀ ਟੀਮ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ, ਉਸ ਦੌਰਾਨ ਮੈਡੀਕਲ ਬੋਰਡ ਬਣਾ ਕੇ ਇਸ ਦੀ MLR ਕਟਵਾਈ ਗਈ। ਬੂਟਾ ਸਿੰਘ ਦੇ ਕੇਸ ਨੂੰ ਵੀ ਚਲਾਨ (ਰਿਪੋਰਟ) ਨਾਲ ਨੱਥੀ ਕੀਤਾ ਗਿਆ । ਕਾਂਗਰਸ ਸਰਕਾਰ ਵੇਲੇ ਪਿਛਲੇ ਸਾਲ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਰਿਪੋਰਟ ਖ਼ਾਰਿਜ ਕਰਾ ਦਿੱਤੀ ਗਈ।
ਕੁੰਵਰ ਪ੍ਰਤਾਪ ਨੇ ਲਿਖਿਆ ਕਿ ਬੂਟਾ ਸਿੰਘ ਵਰਗੇ ਸੈਕੜੇ ਗਵਾਹ ਹਨ ਜੋ ਗੋਲੀ ਕਾਂਡ ਵਿੱਚ ਜ਼ਖਮੀ ਹੋਏ ਸਨ। ਉਨ੍ਹਾਂ ਦਾ ਕਸੂਰ ਇਹ ਕਿ ਉਨ੍ਹਾਂ ਬੂਟਾ ਸਿੰਘ ਵਰਗੇ ਗਵਾਹਾਂ ਨੂੰ ਲੱਭ ਕੇ ਓਹਨਾਂ ਦਾ ਬਿਆਨ ਕਲਮਬੰਦ ਕੀਤਾ ਅਤੇ ਬੇਖੌਫ ਹੋ ਕੇ ਤਫਤੀਸ਼ ਮੁਕੰਮਲ ਕੀਤੀ ਜੋ ਖਾਰਿਜ਼ ਕਰਾ ਦਿੱਤੀ ਗਈ। ਸੱਤ ਸਾਲ ਬੀਤ ਗਏ ਪਰ ਇੰਨਸਾਫ ਨਹੀਂ ਮਿਲਿਆ। ਪਿਛਲੇ ਸਾਲ IPS ਦੀ ਨੌਕਰੀ ਛੱਡਣ ਉਪਰੰਤ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਲਗਾ ਦਿੱਤੀ ਸੀ। ਮੈਂ ਵਿਧਾਨ ਸਭਾ ਦੇ ਬਜਟ ਸਮਾਗਮ ਵਿੱਚ ਵੀ ਇਹ ਮੁੱਦਾ ਉਠਾਇਆ ਸੀ।…..
ਇੰਨਸਾਫ ਦੀ ਉਡੀਕ ਵਿੱਚ …..