ਕਿਹਾ ਕਿ ਜਿਨ੍ਹਾਂ ਨੇ ਕੰਮ ਕਰਵਾਇਆ ਉਨ੍ਹਾਂ ਨੂੰ ਬੁਲਾਏ ਬਿੰਨਾ ਹੀ ਕਰ ਦਿੱਤਾ ਗਿਆ ਗੇਟ ਦਾ ਉਦਘਾਟਨ
ਗੁਰਦਾਸਪੁਰ, 16 ਅਗਸਤ (ਮੰਨਣ ਸੈਣੀ)। ਅਸੀਂ ਵਿਕਾਸ ਕਾਰਜਾਂ ਦਾ ਸਮਰਥਨ ਕਰਦੇ ਹਾਂ ਅਤੇ ਪੰਜਾਬ ਸਰਕਾਰ ਦੇ ਨਾਲ ਹਾਂ। ਪਰ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਸੰਵਿਧਾਨਕ ਅਹੁਦਿਆਂ ਦਾ ਸਨਮਾਨ ਨਹੀਂ ਭੁੱਲਣਾ ਚਾਹੀਦਾ। ਪਰ ਅਜਿਹਾ ਹੀ ਕੁਝ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦਾਸਪੁਰ ‘ਚ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਦੀ ਯਾਦ ‘ਚ ਬਣੇ ਗੇਟ ਦੇ ਉਦਘਾਟਨ ਸਮੇਂ ਕੀਤਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਪਾਹੜਾ ਨੇ ਦੱਸਿਆ ਕਿ ਉਕਤ ਗੇਟ ਦੀ ਉਸਾਰੀ ਲਈ ਨਗਰ ਕੌਂਸਲ ਗੁਰਦਾਸਪੁਰ ਵੱਲੋਂ 5 ਅਕਤੂਬਰ 2021 ਨੂੰ ਟੈਂਡਰ ਖੋਲੇ ਗਏ ਸਨ। ਜਦੋਂ ਕਿ ਵਰਕ ਆਰਡਰ 29 ਸਤੰਬਰ 2021 ਨੂੰ ਪਾਸ ਕੀਤਾ ਗਿਆ ਸੀ। ਸਾਰਾ ਕੰਮ ਨਗਰ ਕੌਂਸਲ ਦੀ ਦੇਖ-ਰੇਖ ਹੇਠ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਗੇਟ ਦੇ ਉਦਘਾਟਨ ਸਮੇਂ ਨਾ ਤਾਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਨਾ ਹੀ ਕਿਸੇ ਕੌਂਸਲਰ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਵਿਕਾਸ ਦੇ ਹੱਕ ਵਿੱਚ ਹਾਂ। ਪਰ ਅਧਿਕਾਰਾਂ ਦੀ ਉਲੰਘਣਾ ਮੰਜੂਰ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਜਦੋਂ ਦੇਸ਼ ਇੱਥੇ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ’ਤੇ ਦਬਾਅ ਪਾ ਕੇ ਨਿਯਮਾਂ ਦੇ ਉਲਟ ਉਕਤ ਗੇਟ ਦਾ ਉਦਘਾਟਨ ਕਰ ਦਿੱਤਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਦੇ ਦਬਾਅ ਹੇਠ ਭਵਿੱਖ ਵਿੱਚ ਅਜਿਹੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਜਿਸ ਦੇ ਸਾਹਮਣੇ ਆਉਣ ਵਾਲੇ ਨਤੀਜਿਆਂ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਨ੍ਹਾਂ ‘ਤੇ ਦਬਾਅ ਬਣਾਉਣ ਵਾਲੇ ਸਬੰਧਤ ਆਗੂਆਂ ਦੀ ਹੋਵੇਗੀ।