ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਸ਼ਹੀਦੀ ਗੈਲਰੀ ‘ਚ ਆਪਣਿਆਂ ਦੀਆਂ ਤਸਵੀਰਾਂ ਵੇਖ ਸ਼ਹੀਦ ਪਰਿਵਾਰਾਂ ਦੀਆਂ ਅੱਖਾਂ ਹੋਇਆ ਨਮ: ਕਿਹਾ ਗੈਲਰੀ ਲਗਾ ਕੇ ਡੀਸੀ ਇਸ਼ਫਾਕ ਨੇ ਵਧਾਇਆ ਸ਼ਹੀਦ ਪਰਿਵਾਰਾਂ ਦਾ ਮਨੋਬੱਲ, ਡੀਸੀ ਦੇ ਜਜਬੇ ਨੂੰ ਕੀਤਾ ਸਲਾਮ

ਸ਼ਹੀਦੀ ਗੈਲਰੀ ‘ਚ ਆਪਣਿਆਂ ਦੀਆਂ ਤਸਵੀਰਾਂ ਵੇਖ ਸ਼ਹੀਦ ਪਰਿਵਾਰਾਂ ਦੀਆਂ ਅੱਖਾਂ ਹੋਇਆ ਨਮ: ਕਿਹਾ ਗੈਲਰੀ ਲਗਾ ਕੇ ਡੀਸੀ ਇਸ਼ਫਾਕ ਨੇ ਵਧਾਇਆ ਸ਼ਹੀਦ ਪਰਿਵਾਰਾਂ ਦਾ ਮਨੋਬੱਲ, ਡੀਸੀ ਦੇ ਜਜਬੇ ਨੂੰ ਕੀਤਾ ਸਲਾਮ
  • PublishedAugust 16, 2022

ਡੀਸੀ ਇਸ਼ਫਾਕ ਵੱਲੋਂ ਢਾਈ ਸਾਲ ਪਹਿਲ੍ਹਾ ਹੀ ਪਹਿਲੀ ਵਾਰ ਲਗਾਈ ਗਈ ਸੀ ਸ਼ਹੀਦੀ ਗੈਲਰੀ, ਹੁਣ ਹਰ 15 ਅਗਸਤ ਅਤੇ 26 ਜਨਵਰੀ ਨੂੰ ਪ੍ਰਵੇਸ਼ ਦੁਆਰ ਤੇ ਸੱਜਦੀ ਹੈ ਸੈਹੀਦੀ ਗੈਲਰੀ

ਗੁਰਦਾਸਪੁਰ, 16 ਅਗਸਤ (ਮੰਨਣ ਸੈਣੀ)। ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਸਟੇਡੀਅਮ ਵਿਖੇ 75ਵੇਂ ਸੁਤੰਤਰਤਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਡੀਅਮ ਦੇ ਪ੍ਰਵੇਸ਼ ਦੁਆਰ ‘ਤੇ ਲਗਾਈ ਗਈ ਸ਼ਹੀਦੀ ਗੈਲਰੀ ਸਭ ਦੀ ਖਿੱਚ ਦਾ ਕੇਂਦਰ ਬਣੀ। ਪ੍ਰੋਗਰਾਮ ਵਿੱਚ ਬੁਲਾਏ ਗਏ ਸ਼ਹੀਦ ਪਰਿਵਾਰਾਂ ਨੇ ਜਦੋਂ ਸ਼ਹੀਦ ਗੈਲਰੀ ਵਿੱਚ ਲਗਾਏ ਆਪਣੇ ਘਰ ਦੇ ਚੀਰਾਗਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਇਸ ਦੇ ਨਾਲ ਹੀ ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਜਦੋਂ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਹੀਦੀ ਗੈਲਰੀ ਵਿੱਚ ਰੱਖੀਆਂ ਸ਼ਹੀਦਾਂ ਦੀਆਂ ਤਸਵੀਰਾਂ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗਏ ਤਾਂ ਉਹ ਵੀ ਭਾਵੁਕ ਹੋਏ ਬਿਨਾਂ ਨਾ ਰਹਿ ਸਕੇ। ਹਰੇਕ ਸ਼ਹੀਦ ਦੀਆਂ ਤਸਵੀਰਾਂ ਨੂੰ ਦੇਖਦਿਆਂ ਮੰਤਰੀ ਧਾਲੀਵਾਲ ਨੇ ਨਮ ਅੱਖਾਂ ਨਾਲ ਇਹ ਵੀ ਕਿਹਾ ਕਿ ਇਨ੍ਹਾਂ ਬਹਾਦਰਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਹੀ ਅੱਜ ਦੇਸ਼ ਵਾਸੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਆਜ਼ਾਦੀ ਦੇ ਅੰਮ੍ਰਿਤਮਈ ਤਿਉਹਾਰ ਵਜੋਂ ਮਨਾ ਕੇ ਇਨ੍ਹਾਂ ਬਹਾਦਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੇ ਹਨ।

ਡੀਸੀ ਵੱਲੋਂ ਸ਼ਹੀਦੀ ਗੈਲਰੀ ਸਥਾਪਤ ਕਰਨ ਨਾਲ ਸ਼ਹੀਦ ਪਰਿਵਾਰਾਂ ਦਾ ਮਨੋਬਲ ਵਧਿਆ: ਕੁੰਵਰ ਵਿੱਕੀ

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਜਦੋਂ ਮੁਹੰਮਦ ਇਸ਼ਫਾਕ ਨੂੰ ਇਸ ਗੱਲ ਦਾ ਪਤਾ ਲਗਾ ਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਸ਼ਹੀਦਾਂ ਦੀ ਧਰਤੀ ਵੀ ਰਿਹਾ ਜਾਂਦਾ ਹੈ ਅਤੇ ਇਸ ਜ਼ਿਲ੍ਹੇ ਦੇ ਅਣਗਿਣਤ ਸਪੂਤਾ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਤਾਂ ਉਨ੍ਹਾਂ ਫੈਸਲਾ ਕੀਤਾ ਕਿ ਹਰ 26 ਜਨਵਰੀ ਅਤੇ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਸਟੇਡੀਅਮ ਦੇ ਪ੍ਰਵੇਸ਼ ਦੁਆਰ ‘ਤੇ ਸ਼ਹੀਦਾਂ ਨੂੰ ਸਮਰਪਿਤ ਇੱਕ ਸ਼ਹੀਦੀ ਗੈਲਰੀ ਲਗਾਈ ਜਾਵੇਗੀ। ਜਿਸ ਵਿੱਚ ਦੇਸ਼ ਦੀ ਸੁਰੱਖਿਆ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਨਾਇਕਾਂ ਦੀਆਂ ਤਸਵੀਰਾਂ ਹੋਣਗੀਆਂ ਤਾਂ ਜੋ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਸ਼ਹੀਦ ਪਰਿਵਾਰਾਂ ਅਤੇ ਆਮ ਨਾਗਰਿਕ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਦਰਸ਼ਨ ਕਰਕੇ ਹੀ ਸਟੇਡੀਅਮ ਵਿੱਚ ਦਾਖਲ ਹੋ ਸਕਣ। ਕੁੰਵਰ ਵਿੱਕੀ ਨੇ ਕਿਹਾ ਕਿ ਜ਼ਿਲ੍ਹੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਢਾਈ ਸਾਲ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਇਹ ਗੈਲਰੀ ਲਗਾ ਕੇ ਸ਼ਹੀਦ ਪਰਿਵਾਰਾਂ ਦਾ ਮਨੋਬਲ ਉੱਚਾ ਚੁੱਕਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ। ਉਹ ਪਰੰਪਰਾ ਅੱਜ ਵੀ ਜਾਰੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਕੌਮੀ ਤਿਉਹਾਰ ਸ਼ਹੀਦਾਂ ਨੂੰ ਸਮਰਪਿਤ ਹੁੰਦੇ ਹਨ, ਜੇਕਰ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਅਜਿਹੇ ਤਿਉਹਾਰ ਸ਼ੁਰੂ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੇ ਭਵਿੱਖ ਲਈ ਆਪਣਾ ਅੱਜ ਕੁਰਬਾਨ ਕੀਤਾ, ਉੱਥੇ ਸ਼ਹੀਦ ਪਰਿਵਾਰਾਂ ਦਾ ਸਿਰ ਵੀ ਮਾਣ ਨਾਲ ਉੱਚਾ ਹੋ ਜਾਂਦਾ, ਇਸ ਦੇ ਨਾਲ ਹੀ ਉਨ੍ਹਾਂ ਪਰਿਵਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਬੇਸ਼ੱਕ ਦੇਸ਼ ਲਈ ਆਪਣੇ ਜਿਗਰ ਦੇ ਟੁਕੜਿਆਂ ਨੂੰ ਕੁਰਬਾਨ ਕਰ ਦਿੱਤਾ, ਪਰ ਪ੍ਰਸ਼ਾਸਨ ਨੇ ਉਨ੍ਹਾਂ ਦੇ ਜਿਗਰ ਦੇ ਟੁਕੜਿਆਂ ਦੀ ਸ਼ਹਾਦਤ ਦੀ ਸ਼ਾਨ ਬਹਾਲ ਕੀਤੀ ਹੈ।

ਕੁੰਵਰ ਵਿੱਕੀ ਨੇ ਕਿਹਾ ਕਿ ਸ਼ਹੀਦਾਂ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਵਾਲੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਇਸ ਜਜ਼ਬੇ ਨੂੰ ਉਨ੍ਹਾਂ ਦੀ ਕੌਂਸਲ ਦਿਲ ਤੋਂ ਸਲਾਮ ਕਰਦੀ ਹੈ ਅਤੇ ਸ਼ਹੀਦਾਂ ਨੂੰ ਸਮਰਪਿਤ ਇਸ ਗੈਲਰੀ ਦੀ ਸਥਾਪਨਾ ਲਈ ਕੌਂਸਲ ਜਿਲਾਮੁੱਖੀ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦਾ ਵੀ ਧੰਨਵਾਦ ਕਰਦੀ ਹੈ।

ਪ੍ਰੋਗਰਾਮ ਵਿੱਚ ਸੱਦੇ ਗਏ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਪਠਾਨਕੋਟ ਏਅਰਬੇਸ ਹਮਲੇ ਵਿੱਚ ਸ਼ਹੀਦ ਹੋਏ ਕੈਪਟਨ ਫਤਿਹ ਸਿੰਘ ਦੀ ਪਤਨੀ ਸ਼ੋਭਾ ਠਾਕੁਰ, ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਸ਼ੌਰਿਆ ਚੱਕਰ ਦੀ ਮਾਤਾ ਕੁਲਵਿੰਦਰ ਕੌਰ ਅਤੇ ਸ. ਪਿਤਾ ਜਗਦੇਵ ਸਿੰਘ, ਸ਼ਹੀਦ ਸਿਪਾਹੀ ਗੁਰਬਾਜ਼ ਸਿੰਘ ਦੇ ਪਿਤਾ ਗੁਰਮੀਤ ਸਿੰਘ, ਕਾਰਗਿਲ ਦੇ ਸ਼ਹੀਦ ਲਾਂਸ ਨਾਇਕ ਮੁਕੇਸ਼ ਕੁਮਾਰ ਸੈਨਾ ਮੈਡਲ ਦੇ ਭਰਾ ਪਵਨ ਕੁਮਾਰ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸ਼ਹੀਦ ਹੌਲਦਾਰ ਅਮਰਜੀਤ ਸਿੰਘ ਦੀ ਪਤਨੀ ਇੰਦਰਜੀਤ ਕੌਰ, ਸ਼ਹੀਦ ਨਾਇਕ ਸੁਖਮੰਗਤ ਸਿੰਘ ਦੀ ਪਤਨੀ ਗੁਰਜੀਤ ਕੌਰ ਨੇ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦੀ ਗੈਲਰੀ ਸਥਾਪਤ ਕਰਨ ਲਈ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦਾ ਧੰਨਵਾਦ ਕੀਤਾ।

Written By
The Punjab Wire