ਆਪ ਪਾਰਟੀ ਦੀ ਵਲੰਟੀਅਰ ਨੇ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਲਿੰਕ ਸੜਕ ਦਾ ਰਿਬਨ ਕੱਟ ਕੇ ਕਰਵਾਈ ਸ਼ੁਰੂਆਤ
ਗੁਰਦਾਸਪੁਰ, 8 ਅਗਸਤ ( ਮੰਨਣ ਸੈਣੀ ) । ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਇੰਚਾਰਜ ਰਮਨ ਬਹਿਲ ਵਲੋਂ ਅੱਜ ਨਵੀਂ ਲਿੰਕ ਰੋਡ ਗੁਰਦਾਸਪੁਰ-ਮਕੇਰੀਆਂ ਰੋਡ ਤੋਂ ਬਾਈਪਾਸ (ਨੇੜੇ ਗੁਰਦੁਆਰਾ ਬਾਬਾ ਟਹਿਲ ਸਿੰਘ, ਤਿੱਬੜੀ ਰੋਡ) ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਕਰਵਾਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਵਾਰਡ ਨੰਬਰ 3 ਤੋਂ ਆਪ ਪਾਰਟੀ ਦੀ ਵਲੰਟੀਅਰ ਮਨਦੀਪ ਕੋਰ ਵਲੋਂ ਰਿਬਨ ਦਾ ਫੀਤਾ ਕੱਟਣ ਉਪਰੰਤ ਨਵੀਂ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਲੋਕਾਂ ਨਾਲ ਮੁਖਾਤਿਬ ਹੁੰਦਿਆਂ ਗੁਰਦਾਸਪੁਰ ਤੋਂ ਆਪ ਪਾਰਟੀ ਦੇ ਆਗੂ ਰਮਨ ਬਹਿਲ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਲੋਕਾਂ ਦੇ ਹਿੱਤ ਲਈ ਵੱਡੇ ਫੈਸਲੇ ਕੀਤੇ ਗਏ ਹਨ ਅਤੇ ਸਰਕਾਰ ਵਲੋਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨਾਂ ਨਵੀਂ ਬਣਨ ਵਾਲੀ ਲਿੰਕ ਸੜਕ ਦੀ ਗੱਲ ਕਰਦਿਆਂ ਦੱਸਿਆ ਕਿ 10 ਲੱਖ ਰੁਪਏ ਦੀ ਲਾਗਤ ਨਾਲ ਇਸਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਇਸ ਖੇਤਰ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਉਨਾਂ ਅੱਗੇ ਕਿਹਾ ਕਿ ਆਪ ਪਾਰਟੀ ਦੇ ਵਲੰਟੀਅਰ, ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਵਲੰਟੀਅਰ ਦਾ ਪੂਰਾ ਮਾਣ-ਸਨਮਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਅੱਜ ਆਪ ਪਾਰਟੀ ਦੀ ਵਲੰਟੀਅਰ ਵਲੋਂ ਹੀ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਫੀਤਾ ਕਟਵਾਇਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ, ਲੋਕਾਂ ਵਲੋਂ ਦਿੱਤੇ ਗਏ ਪਿਆਰ ਲਈ ਉਨਾਂ ਦੀ ਰਿਣੀ ਹੈ ਅਤੇ ਸੂਬਾ ਸਰਕਾਰ ਚਹੁਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ।
ਇਸ ਮੌਕੇ ਭਾਰਤ ਭੂਸ਼ਣ ਜ਼ਿਲ੍ਹਾ ਸੈਕਰਟਰੀ ਆਪ ਪਾਰਟੀ, ਲਖਬੀਰ ਸਿੰਘ ਜੇਈ, ਗੁਰਿੰਦਰ ਸਿੰਘ ਭੁੱਲਰ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ, ਸੁੱਚਾ ਸਿੰਘ ਮੁਲਤਾਨੀ, ਰਿਸ਼ੀ ਕਾਂਤ. ਹਿਤੇਸ਼ ਮਹਾਜਨ, ਜਸਬੀਰ ਸਿੰਘ, ਗੋਰਵ ਮਹਾਜਨ ਸਮੇਤ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਮੋਜੂਦ ਸਨ।