ਪਸ਼ੂ ਦੇ ਬਿਮਾਰ ਹੋਣ ’ਤੇ ਤੁਰੰਤ ਸਰਕਾਰੀ ਹਸਪਤਾਲ ਵਿਚ ਕੀਤੀ ਜਾਵੇ ਪਹੁੰਚ
ਗੁਰਦਾਸਪੁਰ, 5 ਅਗਸਤ (ਮੰਨਣ ਸੈਣੀ )। ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਗੁਰਦਾਸਪੁਰ ਵਿਚ ਦੁਧਾਰੂ ਪਸ਼ੂਆਂ ਵਿਚ ਲੰਪੀ ਸਕਿਨ ਬਿਮਾਰੀ ਦੇ ਮਾਮਲੇ ਸਾਹਮਣੇ ਆਉਣ ਤੇ ਵਿਭਾਗ ਲਗਾਤਾਰ ਪਸ਼ੂ ਪਾਲਕਾਂ ਨੂੰ ਬਿਮਾਰੀ ਵਿਰੁੱਧ ਜਾਗਰੂਕ ਕਰ ਰਿਹਾ ਹੈ। ਉਨਾਂ ਦੱਸਿਆ ਕਿ ਵਿਭਾਗ ਦੀਆਂ ਵੱਖ-ਵੱਖ ਟੀਮਾਂ ਪਿੰਡਾਂ ਸਾਹੋਵਾਲ, ਗਾਜੀਕੋਟ ਤੇ ਕਲਾਨੋਰ ਆਦਿ ਵਿਚ ਜਾ ਕੇ ਪਸ਼ੂ ਪਾਲਕਾਂ ਨਾਲ ਸੰਪਰਕ ਕਰ ਰਹੀਆਂ ਹਨ ਤੇ ਉਨਾਂ ਨੂੰ ਜਾਗਰੂਕ ਕਰ ਰਹੀਆਂ ਹਨ।
ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਜ਼ਿਲੇ ਵਿਚ ਦਵਾਈਆਂ ਆਦਿ ਦੀ ਖਰੀਦ ਲਈ 5 ਲੱਖ ਰੁਪਏ ਭੇਜੇ ਗਏ ਹਨ ਅਤੇ ਟੀਮਾਂ ਵਲੋਂ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਲੇ ਅੰਦਰ ਕਰੀਬ 350 ਪਸ਼ੂ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਇਨਾਂ ਵਿਚ 122 ਬਿਲਕੁਲ ਠੀਕ ਹੋ ਚੁੱਕੇ ਹਨ ਅਤੇ ਬਾਕੀ ਪਸ਼ੂਆਂ ਦੀ ਸਿਹਤ ਵਿਚ ਵੀ ਸੁਧਾਰ ਹੋ ਰਿਹਾ ਹੈ। ਉਨਾਂ ਦੱਸਿਆ ਕਿ ਪਸ਼ੂਆਂ ਦੀ ਰਿਕਰਵਰੀ ਰੇਟ ਬਹੁਤ ਵਧੀਆ ਹੈ। ਉਨਾਂ ਦੱਸਿਆ ਕਿ ਪਸ਼ੂ ਪਾਲਕਾਂ ਕੋਲੋ ਜਾ ਕੇ ਵਿਭਾਗ ਵਲੋਂ ਫੋਗਿੰਗ ਵੀ ਕਰਵਾਈ ਜਾ ਰਹੀ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਬਰਾਹਟ ਵਿਚ ਨਾ ਆਉਣ ਅਤੇ ਜੇਕਰ ਕਿਸੇ ਪਸ਼ੂ ਵਿਚ ਇਹ ਬਿਮਾਰੀ ਆਉਂਦੀ ਹੈ ਤਾਂ ਤੁਰੰਤ ਨੇੜੇ ਦੇ ਪਸ਼ੂ ਸਰਕਾਰੀ ਹਸਪਤਾਲ ਵਿਚ ਰਾਬਤਾ ਕੀਤਾ ਜਾਵੇ।
ਡਿਪਟੀ ਡਾਇਰੈਕਟਰ ਨੇ ਇਸ ਬਿਮਾਰੀ ਦੇ ਲੱਛਣ ਦੱਸਦਿਆਂ ਕਿਹਾ ਕਿ ਇਸ ਬਿਮਾਰੀ ਨਾਲ ਤੇਜ਼ ਬੁਖਾਰ, ਮੂੰਹ ਤੇ ਚਮੜੀ ਤੇ ਛਾਲੇ ਹੋ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਪਸ਼ੂਆਂ ਵਿਚ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਜਿਸ ਵਿਚ ਜਾਨਵਰ ਦੇ ਸਰੀਰ ’ਤੇ ਧੱਫੜ ਪੈ ਜਾਂਦੇ ਹਨ ਤਾਂ ਅਜਿਹੇ ਜਾਨਵਰ ਨੂੰ ਸਿਹਤਮੰਦ ਜਾਨਵਰਾਂ ਤੋਂ ਵੱਖਰਾ ਕਰ ਦਿਊ ਤੇ ਉਸਨੂੰ ਚੰਗੀ ਖੁਰਾਕ ਦਿਓ।
ਉਨਾਂ ਅੱਗੇ ਕਿਹਾ ਕਿ ਪਸ਼ੂ ਪਾਲਕ ਆਪਣੇ ਜਾਨਵਰਾਂ ਅਤੇ ਢਾਰਿਆਂ ਵਿਚ ਚਿੱਚੜਾਂ ਅਤੇ ਮੱਛਰਾਂ ਦੀ ਰੋਕਥਾਮ ਵੀ ਕਰਨ, ਕਿਉਂਕਿ ਇਹ ਬਿਮਾਰੀ ਚਿੱਚੜਾਂ ਅਤੇ ਮੱਛਰਾਂ ਰਾਹੀਂ ਵੀ ਇੱਕ ਜਾਨਵਰ ਤੋਂ ਦੂਜੇ ਜਾਨਵਰ ਤੱਕ ਫੈਲਦੀ ਹੈ। ਉਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਦੇ ਆਲੇ ਦੁਆਲੇ ਸਫਾਈ ਯਕੀਨੀ ਬਣਾਉਣ।