ਹੋਰ ਗੁਰਦਾਸਪੁਰ ਪੰਜਾਬ

ਅਜ਼ਾਦੀ ਦਿਵਸ ਨੂੰ ਲੈ ਕੇ ਪੁਲਿਸ ਦੀ ਸਰਹੱਦੀ ਇਲਾਕਿਆਂ ‘ਤੇ ਤਿੱਖੀ ਨਜ਼ਰ

ਅਜ਼ਾਦੀ ਦਿਵਸ ਨੂੰ ਲੈ ਕੇ ਪੁਲਿਸ ਦੀ ਸਰਹੱਦੀ ਇਲਾਕਿਆਂ ‘ਤੇ ਤਿੱਖੀ ਨਜ਼ਰ
  • PublishedAugust 5, 2022

ਹੈਰੋਇਨ, ਕਾਰਤੂਸ ਸਮੇਤ ਤੇਜ਼ਧਾਰ ਹਥਿਆਰ ਬਰਾਮਦ

ਗੁਰਦਾਸਪੁਰ, 5 ਅਗਸਤ (ਮੰਨਣ ਸੈਣੀ)। ਸਰਹੱਦੀ ਖੇਤਰ ‘ਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਗਤੀਵਿਧੀਆਂ ਨੂੰ ਦੇਖਦੇ ਹੋਏ ਅਤੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਵੀਰਵਾਰ ਰਾਤ ਕਰੀਬ 12 ਵਜੇ ਆਈ.ਜੀ.ਇੰਟੈਲੀਜੈਂਸ ਬਾਬੂ ਲਾਲ ਮੀਨਾ ਦੀ ਅਗਵਾਈ ‘ਚ ਡੀ. ਅਤੇ ਐਸ.ਐਸ.ਪੀ ਦੀਪਕ ਹਿਲੋਰੀ ਵੱਲੋਂ ਜ਼ਿਲ੍ਹੇ ਵਿੱਚ 10 ਥਾਂ ਤੇ ਨਾਕੇ ਲਗਾਏ ਗਏ । ਇਸ ਦੌਰਾਨ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡਾਂ ਵਿੱਚ ਚਲਾਏ ਗਏ ਸਰਚ ਅਭਿਆਨ ਦੌਰਾਨ ਦੋ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਵਾਹਨਾਂ ਤੋਂ ਇਲਾਵਾ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਉੱਚ ਪੁਲੀਸ ਅਧਿਕਾਰੀਆਂ ਨੇ ਜ਼ਿਲ੍ਹੇ ਭਰ ਵਿੱਚ ਲਾਏ ਨਾਕਿਆਂ ਦੀ ਚੈਕਿੰਗ ਕੀਤੀ। ਇਸ ਤਲਾਸ਼ੀ ਮੁਹਿੰਮ ਵਿੱਚ 350 ਪੁਲਿਸ ਮੁਲਾਜ਼ਮਾਂ ਤੋਂ ਇਲਾਵਾ 15 ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ। ਨਾਕਾਬੰਦੀ ਦਾ ਮਕਸਦ ਗੈਂਗਸਟਰਾਂ ਅਤੇ ਲੁਟੇਰਿਆਂ ਨੂੰ ਕਾਬੂ ਕਰਨਾ ਹੈ।

ਜ਼ਿਲ੍ਹੇ ਵਿੱਚ ਮੀਰਕਾਚਨਾ, ਲੋਪੇ ਪੁਲੀ, ਹਰਦੋਚੰਨੀ, ਗਿੱਦੜਪਿੱਡੀ, ਰੁਡਿਆਣਾ ਮੋੜ, ਗਹਿਲਦੀ ਮੋੜ, ਆਡਿਆਣਾ, ਛੋਟੂ ਨਾਥ ਮੰਦਰ, ਅੱਡਾ ਬਹਿਰਾਮਪੁਰ ਅਤੇ ਬ੍ਰਾਹਮਣੀ ਪੁਲ ’ਤੇ ਨਾਕਾਬੰਦੀ ਕੀਤੀ ਗਈ। ਖਾਸ ਗੱਲ ਇਹ ਹੈ ਕਿ ਪਹਾੜੋਚੱਕ ਸਥਿਤ ਛੋਟੂਨਾਥ ਮੰਦਿਰ ਦੇ ਕੋਲ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਦੀਨਾਨਗਰ ਥਾਣੇ ‘ਤੇ ਹਮਲੇ ਦੌਰਾਨ ਅੱਤਵਾਦੀ ਦਾਖਲ ਹੋਏ ਸਨ।

ਇਸ ਮੌਕੇ ਤੇ ਆਈਜੀ ਮੀਨਾ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਤਹਿਤ ਪੂਰੇ ਪੰਜਾਬ ਵਿੱਚ ਸਰਚ ਅਭਿਆਨ ਚਲਾਇਆ ਗਿਆ ਹੈ। ਪਿਛਲੇ ਦਿਨੀਂ ਸਰਹੱਦੀ ਖੇਤਰਾਂ ਵਿੱਚ ਡਰੋਨਾਂ ਦੀਆਂ ਗਤੀਵਿਧੀਆਂ ਕਾਰਨ ਤਸਕਰਾਂ ‘ਤੇ ਨਜ਼ਰ ਰੱਖਣ ਲਈ ਮੁਹਿੰਮ ਚਲਾਈ ਗਈ ਹੈ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਰਹੱਦੀ ਖੇਤਰ ਵਿੱਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 10 ਨਾਕੇ ਲਗਾਏ ਗਏ ਹਨ। ਉਨ੍ਹਾਂ ਦੀ ਚੈਕਿੰਗ ਲਈ ਆਈਜੀ ਇੰਟੈਲੀਜੈਂਸ ਬਾਬੂ ਲਾਲ ਮੀਨਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਵੱਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਦੀ ਹਰ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿਸ ਤਹਿਤ ਸਮਾਜ ਵਿਰੋਧੀ ਅਨਸਰਾਂ ਦੀ ਗਿ੍ਫ਼ਤਾਰੀ ਜਾਰੀ ਹੈ |

ਐਸਐਸਪੀ ਨੇ ਦੱਸਿਆ ਕਿ ਸਰਹੱਦ ਨਾਲ ਲੱਗਦੇ ਚੰਦੂਵਡਾਲਾ, ਦੋਸਤਪੁਰ, ਰੁਡਿਆਣਾ ਅਤੇ ਸ਼ਾਹੂਰਕਲਾਂ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਟੀਮਾਂ ਬਣਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਮੁਲਜ਼ਮ ਹਰਜੀਤ ਸਿੰਘ ਉਰਫ਼ ਜੀਤੀ ਵਾਸੀ ਸ਼ਾਹੂਰ ਕਲਾਂ ਅਤੇ ਸੁਬੇਗ ਸਿੰਘ ਵਾਸੀ ਰੁੜੀਆਣਾ ਥਾਣਾ ਕਲਾਨੌਰ ਕੋਲੋਂ 30 ਗ੍ਰਾਮ ਹੈਰੋਇਨ, ਛੇ ਕਾਰਤੂਸ, ਇੱਕ ਆਲਟੋ ਕਾਰ, ਛੇ ਮੋਟਰਸਾਈਕਲ (ਬਿਨਾਂ ਨੰਬਰ ਪਲੇਟ), ਛੇ ਮੋਬਾਈਲ ਫ਼ੋਨ, ਦਸ ਦਾਤਰ ਬਰਾਮਦ ਕੀਤੇ ਗਏ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕਲਾਨੌਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਐਸਐਸਪੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਨਜ਼ਦੀਕੀ ਥਾਣੇ ਵਿੱਚ ਸੂਚਨਾ ਦੇਣ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

Written By
The Punjab Wire