ਸਰਕਾਰ ਤੋਂ ਨਹੀਂ ਪ੍ਰਾਪਤ ਹੋ ਰਿਹਾ ਕੋਈ ਫੰਡ, ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ ਇਲਾਜ
ਦਵਾਈਆਂ ਦੀ ਘਾਟ ਅਤੇ ਟੈਸਟ ਕਿੱਟਾਂ ਹੋਈਆ ਖਤਮ, ਗਰੀਬ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਇਲਾਜ
ਗੁਰਦਾਸਪੁਰ, 30 ਜੁਲਾਈ (ਮੰਨਣ ਸੈਣੀ)। ਮਰੀਜ਼ਾ ਨੂੰ ਸਾਹ ਦੇ ਕੇ ਜਿਉਂਦਾ ਰੱਖਣ ਵਾਲਾ ਸਿਵਲ ਹਸਪਤਾਲ ਗੁਰਦਾਸਪੁਰ ਦੀ ਇਮਾਰਤ ਬਾਹਰੋਂ ਦੇਖਣ ਨੂੰ ਬੇਸ਼ਕ ਬਹੁਤ ਆਕਰਸ਼ਕ ਦਿਖਦੀ ਹੋਵੇ, ਪਰ ਫੰਡਾਂ ਦੀ ਘਾਟ ਕਾਰਨ ਇਹ ਹਸਪਤਾਲ ਇਨ੍ਹੀਂ ਦਿਨੀਂ ਆਪ ਵੈਂਟੀਲੇਟਰ ‘ਤੇ ਪਿਆ ਹੈ। ਕਿਸੇ ਸਮੇਂ ਪੰਜਾਬ ‘ਚ ਪਹਿਲਾ ਰੈਂਕ ਹਾਸਲ ਕਰਨ ਵਾਲਾ ਸਿਵਲ ਹਸਪਤਾਲ ਗੁਰਦਾਸਪੁਰ ਨਾ ਤਾਂ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਵਿੱਚ ਸਮਰੱਥ ਹੈ ਅਤੇ ਨਾ ਹੀ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਵੀ ਲਾਯਕ ਰਹੀ ਗਿਆ ਹੈ | ਹਸਪਤਾਲ ਦੀ ਨਬਜ਼ ਚੱਲਦੀ ਰੱਖਣ ਵਾਲੀ ਸਰਬੱਤ ਬੀਮਾ ਸਿਹਤ ਯੋਜਨਾ ਵਿੱਚ ਸਰਕਾਰ ਵੱਲੋਂ ਫੰਡ ਨਾ ਦਿੱਤੇ ਜਾਣ ਕਾਰਨ ਹੁਣ ਆਮ ਆਦਮੀ ਨੂੰ ਮੁਫ਼ਤ ਇਲਾਜ ਵੀ ਨਹੀਂ ਮਿਲ ਰਿਹਾ ਅਤੇ ਉਸ ਨੂੰ ਇਲਾਜ ਲਈ ਮੋਟੀ ਰਕਮ ਅਦਾ ਕਰਨੀ ਪੈ ਰਹੀ ਹੈ। ਜਿਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।
ਸ਼ਨੀਵਾਰ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾ ਦੌਰਾ ਕਰਨ ‘ਤੇ ਪਤਾ ਲੱਗਾ ਕਿ ਆਮ ਲੋਕਾਂ ਨੂੰ ਸਿਵਲ ਹਸਪਤਾਲ ਮਹਿਜ਼ ਇਕ ਪ੍ਰਾਈਵੇਟ ਅਦਾਰੇ ਵਾਂਗ ਹੀ ਪ੍ਰਤੀਤ ਹੋ ਰਿਹਾ ਸੀ। ਹਸਪਤਾਲ ‘ਚ ਸਫ਼ਾਈ ਤਾਂ ਠੀਕ ਸੀ ਪਰ ਟੈਸਟਾਂ ਅਤੇ ਦਵਾਈਆਂ ਲਈ ਆਮ ਲੋਕਾਂ ਨੂੰ ਬਾਹਰੋਂ ਦੁਕਾਨਾਂ ‘ਤੇ ਮੋਟੀ ਰਕਮ ਦੇਣੀ ਪੈ ਰਹੀ ਸੀ | ਕਿਉਂਕਿ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਦਵਾਈਆਂ ਅਤੇ ਟੈਸਟ ਕਿੱਟਾਂ ਆਇਆਂ ਹੀ ਨਹੀਂ ।
ਬਿਮਾਰ ਮਰੀਜ਼ ਦੇ ਰਿਸ਼ਤੇਦਾਰਾਂ ਕੋਲ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਤਾਂ ਸਨ ਪਰ ਹਸਪਤਾਲ ਵਿੱਚ ਮੁਫ਼ਤ ਇਲਾਜ ਦੀ ਸੁਵਿਧਾ ਨਹੀਂ ਸੀ। ਹਸਪਤਾਲ ਦੇ ਮੁਲਾਜ਼ਮਾਂ ਨੇ ਨਾਮ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਰਕਾਰ ਵੱਲੋਂ ਅਦਾਇਗੀ ਨਾ ਹੋਣ ਕਾਰਨ ਬੀਮਾ ਕੰਪਨੀ ਨੇ ਪਹਿਲ੍ਹਾ ਨੀਜੀ ਹਸਪਤਾਲਾਂ ਲਈ ਮਨਜ਼ੂਰੀ ਦੇਣੀ ਬੰਦ ਕਰ ਦਿੱਤੀ ਸੀ ਅਤੇ ਹੁਣ ਸਰਕਾਰੀ ਹਸਪਤਾਲਾਂ ਵਿੱਚ ਵੀ ਮੰਜੂਰੀ ਨਹੀਂ ਮਿਲ ਰਹੀ। ਇਸ ਦੇ ਨਾਲ ਹੀ ਸਰਕਾਰੀ ਲੈਬਾਂ ਵਿੱਚ ਬਲੱਡ ਟੈਸਟ ਕਿੱਟਾਂ ਨਾ ਹੋਣ ਕਾਰਨ ਹਸਪਤਾਲ ਵਿੱਚ ਕਿਡਨੀ, ਲੀਵਰ, ਇਨਫੈਕਸ਼ਨ ਦੇ ਟੈਸਟ ਨਹੀਂ ਕੀਤੇ ਜਾ ਰਹੇ ਹਨ। ਉੱਧਰ ਬੇਸ਼ਕ ਹਸਪਤਾਲ ਤੋਂ ਕੁਝ ਕੂ ਦੂਰੀ ਤੇ ਸਥਿਤ ਸਰਕਾਰ ਵੱਲੋਂ ਪੀਪੀਪੀ ਮੋਡ ਤੇ ਲਗਾਈ ਗਈ ਕ੍ਰਿਸ਼ਨਾ ਲੈਬ ਵੱਲੋਂ ਵਾਜਬ ਦਰਾਂ ’ਤੇ ਟੈਸਟ ਕੀਤੇ ਜਾ ਰਹੇ ਹਨ ਪਰ ਲੋਕ ਮੁਫ਼ਤ ਇਲਾਜ ਲਈ ਹਸਪਤਾਲ ਪੁੱਜੇ ਹੋਏ ਸਨ, ਜੋ ਕਿ ਉਪਲਬਧ ਨਹੀਂ ਸਨ।
ਆਪਣੇ ਪਰਿਵਾਰਕ ਮੈਂਬਰਾਂ ਦੇ ਬਵਾਸੀਰ ਦਾ ਆਪ੍ਰੇਸ਼ਨ ਕਰਵਾਉਣ ਆਏ ਰਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਸਫ਼ਾਈ ਸਬੰਧੀ ਕੋਈ ਦਿੱਕਤ ਨਹੀਂ ਆਈ। ਪਰ ਅਪਰੇਸ਼ਨ ਕਰਵਾਉਣ ਲਈ ਉਸ ਨੂੰ ਤਿੰਨ ਹਜ਼ਾਰ ਰੁਪਏ ਦਾ ਸਾਮਾਨ ਬਾਹਰੋਂ ਮੰਗਵਾਉਣਾ ਪਿਆ ਅਤੇ ਟੈਸਟ ਵੀ ਬਾਹਰੋਂ ਕਰਵਾਉਣੇ ਪਏ, ਜਿਸ ਵਿੱਚ ਉਹਨਾਂ ਦਾ ਬਹੁਤ ਖਰਚ ਹੋਇਆ, ਇਸ ਨਾਲੋਂ ਚੰਗਾ ਸੀ ਕਿ ਕਿਸੇ ਨਿਜੀ ਹਸਪਤਾਲ ਦਾ ਉਹ ਰੁੱਖ ਕਰ ਲੈਂਦੇ। ਇਸੇ ਤਰ੍ਹਾਂ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਟਾਫ਼ ਦਾ ਕੋਈ ਨੁਕਸ ਨਹੀਂ ਲੱਗਿਆ ਕਿਉਂਕਿ ਹਸਪਤਾਲ ਵਿੱਚ ਕੋਈ ਟੈਸਟ ਕਿੱਟ ਨਹੀਂ ਹੈ, ਫਿਰ ਉਹ ਕੀ ਕਰੇ। ਸਟਾਫ਼ ਨੇ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਸਰਕਾਰ ਤੇ ਤੰਜ ਕਸਦਿਆ ਸਰਕਾਰ ਨੂੰ ਉੱਚੀ ਦੁਕਾਨ ਤੇ ਫਿੱਕਾ ਪਕਵਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹਿਦਾ ਹੈ ਕਿ ਉਹ ਮੌਜੂਦਾ ਬਣੇ ਹਸਪਤਾਲਾਂ ਦੀ ਦਸ਼ਾ ਠੀਕ ਕਰਣ ਪਰ ਉਹ ਹਸਪਤਾਲ ਛੱਡ ਕੇ ਮੁਹੱਲਾ ਕਲੀਨਿਕ ਖੋਲ ਰਹੀ ਹੈ। ਕੀ ਕਲੀਨਿਕ ਵਿੱਚ ਆਪ੍ਰੇਸ਼ਨ ਦੀ ਸੁਵਿਧਾ ਮਿੱਲ ਜਾਓ ਇਹ ਪੁਛਦੇ ਹੋਏ ਅਮਰੀਕ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਹਸਪਤਾਲਾਂ ਦੀ ਦਸ਼ਾ ਅਤੇ ਦਿਸ਼ਾ ਠੀਕ ਕਰੋਂ। ਕਿਉਕਿ ਮੁਹੱਲਾ ਕਲੀਨਿਕ ਵਾਲੇ ਡਾਕਟਰ ਨੇ ਵੀ ਆਪ੍ਰੇਸ਼ਨ ਲਈ ਰੈਫਰ ਹਸਪਤਾਲ ਵਿੱਚ ਹੀ ਕਰਨਾ ਹੈ, ਜਿੱਥੇ ਕੋਈ ਸੁਵਿਧਾ ਨਹੀਂ ਮਿਲ ਰਹੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੇਸ਼ੱਕ ਸਿਹਤ ਵਿਭਾਗ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਜਾ ਰਹੇ ਹੋਣ ਅਤੇ ਸਭ ਕੁਝ ਠੀਕ-ਠਾਕ ਦੱਸਿਆ ਜਾ ਰਿਹਾ ਹੈ। ਪਰ ਜਾਂਚ ਕਰਨ ‘ਤੇ ਇਹ ਵੀ ਸਾਹਮਣੇ ਆਇਆ ਕਿ ਸਿਵਲ ਹਸਪਤਾਲ ‘ਚ ਕੋਈ ਰੇਡੀਓਲੋਜਿਸਟ ਡਾਕਟਰ ਹੀ ਤਾਇਨਾਤ ਨਹੀਂ ਹੈ ਅਤੇ ਇੱਥੋਂ ਤੱਕ ਕਿ ਆਪ੍ਰੇਸ਼ਨ ਕਰਨ ਲਈ ਵੀ ਸਰਜਨ ਤਾਇਨਾਤ ਕੀਤਾ ਗਿਆ ਹੈ ਜੋ ਸਾਰੇ ਹਫਤੇ ਇਥੇ ਨਹੀਂ ਬੈਠਦਾ। ਇਸੇ ਤਰ੍ਹਾਂ ਅਲਟਰਾਸਾਊਂਡ ਅਤੇ ਡਾਇਲਸਿਸ ਮਸ਼ੀਨਾਂ ਵੀ ਖਰਾਬੀ ਕਾਰਨ ਬੰਦ ਪਇਆ ਹਨ ਜੋ ਰਿਪੇਅਰ ਦਾ ਇੰਤਜਾਰ ਕਰ ਰਹਿਆ ਹਨ।
ਹਸਪਤਾਲ ਲਈ ਹਾਟ ਲਾਈਨ ਹੋਣ ਦੇ ਬਾਵਜੂਦ ਕਈ-ਕਈ ਘੰਟੇ ਬਿਜਲੀ ਕੱਟ ਲੱਗਣ ਬਾਰੇ ਵੀ ਪਤਾ ਲੱਗਾ ਕਿ ਕਿਵੇ ਗਰਮੀਂ ਵਿੱਚ ਮਰੀਜ਼ਾ ਦੇ ਜਖਮਾਂ ਤੇ ਪਸੀਨਾ ਚੁੱਬਦਾ ਹੈ । ਕੁੱਲ ਮਿਲਾ ਕੇ ਜੇਕਰ ਕਿਹਾ ਜਾਵੇ ਤਾਂ ਸਿਵਲ ਹਸਪਤਾਲ ਗੁਰਦਾਸਪੁਰ ਇਨ੍ਹੀਂ ਦਿਨੀਂ ਵੈਂਟੀਲੇਟਰ ‘ਤੇ ਸਾਹ ਲੈ ਰਿਹਾ ਹੈ, ਜਿਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਦੂਜੇ ਪਾਸੇ ਐਸ.ਐਮ.ਓ ਗੁਰਦਾਸਪੁਰ ਡਾ: ਚੇਤਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਰਕਾਰ ਦਾ ਪੱਖ ਪੂਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਵਾਈਆਂ ਅਤੇ ਕਿੱਟਾਂ ਬਾਰੇ ਲਿਖਿਆ ਗਿਆ ਹੈ ਅਤੇ ਬਹੁਤ ਜਲਦੀ ਹੀ ਸਰਕਾਰ ਵੱਲੋਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾ ਮੁੱਖ ਟੀਚਾ ਹੈ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਸੰਬੰਧੀ ਖੱਜਲ ਖੁਆਰ ਨਾ ਹੋਣਾ ਪਵੇ।