ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਆਪਣੇ ਮੰਤਰੀ ਦੇ ਅਣਗਹਿਲੀ ਵਾਲੇ ਵਤੀਰੇ ਦਾ ਜਨਤਕ ਤੌਰ ਤੇ ਗੰਭੀਰ ਨੋਟਿਸ ਲੈਣ ਅਤੇ ਮੰਤਰੀ ਨੂੰ ਰਵਾਨਾ ਕਰਨ ਦੇ ਹੁਕਮ ਦੇਣ- ਪ੍ਰਤਾਪ ਬਾਜਵਾ

ਮੁੱਖ ਮੰਤਰੀ ਆਪਣੇ ਮੰਤਰੀ ਦੇ ਅਣਗਹਿਲੀ ਵਾਲੇ ਵਤੀਰੇ ਦਾ ਜਨਤਕ ਤੌਰ ਤੇ ਗੰਭੀਰ ਨੋਟਿਸ ਲੈਣ ਅਤੇ ਮੰਤਰੀ ਨੂੰ ਰਵਾਨਾ ਕਰਨ ਦੇ ਹੁਕਮ ਦੇਣ- ਪ੍ਰਤਾਪ ਬਾਜਵਾ
  • PublishedJuly 30, 2022

ਕੇਜਰੀਵਾਲ ਨੂੰ ਦਿੱਤੀ ਸਲਾਹ, ਕਿਹਾ ਆਪ’ ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਲਈ ਕਰਨ ਓਰੀਐਂਟੇਸ਼ਨ ਪ੍ਰੋਗਰਾਮ ਦਾ ਪ੍ਰਬੰਧ ਤਾਂ ਜੋ ਉਹ ਲੋਕਾਂ ਵਿੱਚ ਵਿਵਹਾਰ ਕਰਨਾ ਸਿੱਖ ਸਕਣ

ਗੁਰਦਾਸਪੁਰ , 30 ਜੁਲਾਈ (ਮੰਨਣ ਸੈਣੀ)। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਦੀ ਕੀਤੀ ਗਈ ਬੇਇੱਜ਼ਤੀ ਦੀ ਪੰਜਾਬ ਵਿਧਾਨ ਸਭਾ ਦੇ ਵਿਰਧੀ ਦਲ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸਰਬ-ਪੱਖੀ ਨਿਖੇਧੀ ਕੀਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਦਰਸਾਉਂਦੀ ਹੈ ਕਿ ਮੰਤਰੀ ਦੇ ਵਿਵਹਾਰ ਵਿੱਚ ਬੁਨਿਆਦੀ ਸ਼ਿਸ਼ਟਾਚਾਰ ਦੀ ਘਾਟ ਸੀ।

ਬਾਜਵਾ ਨੇ ਕਿਹਾ ਕਿ ਹਰ ਵਿਧਾਇਕ/ਮੰਤਰੀ ਦੇ ਨਾਲ ਚਲਣ ਵਾਲੇ ‘ਆਪ’ ਵਰਕਰ ਹਮੇਸ਼ਾ ਵਾਂਗ ਇਸ ਮੰਦਭਾਗੀ ਘਟਨਾ ਦਾ ਵੀਡੀਓ ਬਣਾ ਰਹੇ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜੇਕਰ ਇਸ ਅਣਚਾਹੇ ਵਰਤਾਰੇ ‘ਤੇ ਰੋਕ ਨਾ ਲਾਈ ਗਈ ਤਾਂ ਜ਼ਮੀਨੀ ਪੱਧਰ ‘ਤੇ ਹਾਲਾਤ ਸੁਧਰਨ ਦੀ ਬਜਾਏ ਇਹ ਉਨ੍ਹਾਂ ਲੋਕਾਂ ਲਈ ਹੋਰ ਮੁਸੀਬਤਾਂ ਪੈਦਾ ਕਰਨ ਦੇ ਨਾਲ-ਨਾਲ ਹਾਲਾਤਾਂ ਨੂੰ ਹੋਰ ਵੀ ਬਦਤਰ ਬਣਾਵੇਗਾ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਵੋਟ ਦਿੱਤੀ ਸੀ।

ਡਾ ਰਾਜ ਬਹਾਦੁਰ ਬਾਰੇ ਜਾਣੂ ਕਰਵਾਉਂਦੇ ਹੋਏ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਡਾ. ਰਾਜ ਬਹਾਦੁਰ ਇੱਕ ਵਿਸ਼ਵ-ਪ੍ਰਸਿੱਧ ਆਰਥੋਪੀਡਿਕ ਸਰਜਨ ਹਨ। ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅਤੇ ਪੀਜੀਆਈ, ਚੰਡੀਗੜ੍ਹ ਵਿੱਚ 19 ਸਾਲਾਂ ਵਿੱਚ ਹਜ਼ਾਰਾਂ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ ਕਰਨ ਦਾ ਵਿਸ਼ਾਲ ਤਜਰਬਾ ਹੈ। ਜ਼ਿਕਰਯੋਗ ਹੈ ਕਿ, ਉਹਨਾਂ ਨੇ ਪੇਂਡੂ ਅਤੇ ਸਰਹੱਦੀ ਖੇਤਰਾਂ ਵਿੱਚ 300 ਤੋਂ ਵੱਧ ਸਰਜਰੀਆਂ ਕੀਤੀਆਂ ਹਨ। ਉਹ ਪਿਛਲੇ ਸਮੇਂ ਵਿੱਚ 15 ਤੋਂ ਵੱਧ ਵੱਕਾਰੀ ਸੰਸਥਾਵਾਂ ਦੀ ਅਗਵਾਈ ਕਰ ਚੁੱਕੇ ਹਨ ਅਤੇ ਦਸੰਬਰ, 2014 ਤੋਂ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।

ਬਾਜਵਾ ਨੇ ਕਿਹਾ ਕਿ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਹਸਪਤਾਲ ਦੀ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਫਿਰ ਡਾ: ਰਾਜ ਬਹਾਦਰ ਨਾਲ ਵਨ-ਟੂ-ਵਨ ਮੀਟਿੰਗ ਵਿੱਚ ਇਸ ਬਾਰੇ ਚਰਚਾ ਕਰਦੇ। ਇਸ ਦੇ ਕਾਰਨਾਂ ਨੂੰ ਜਾਣੇ ਬਿਨਾਂ ਹੀ ਮੰਤਰੀ ਨੇ ਲੋਕਾਂ ਵਿੱਚ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਦਲੇ ਵਿੱਚ ਹੁਣ ਆਮ ਆਦਮੀ ਨੂੰ ਮਾਹਰ ਇਲਾਜ ਦੇ ਲਾਭਾਂ ਅਤੇ ਇੱਕ ਡਾਕਟਰ ਦੇ ਅਮੀਰ ਤਜ਼ਰਬੇ ਤੋਂ ਵਾਂਝੇ ਕਰ ਦਿੱਤਾ ਹੈ, ਜੋ ਮਿਸਾਲੀ ਸਮਰਪਣ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ।

ਵਿਰੋਧੀ ਦਲ ਦੇ ਨੇਤਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਮੰਤਰੀ ਦੇ ਇਸ ਅਣਗਹਿਲੀ ਵਾਲੇ ਵਤੀਰੇ ਦਾ ਜਨਤਕ ਤੌਰ ‘ਤੇ ਗੰਭੀਰ ਨੋਟਿਸ ਲੈਣ ਅਤੇ ਉਸ ਨੂੰ ਰਵਾਨਾ ਕਰਨ ਦੇ ਹੁਕਮ ਦੇਣ। ਇਸ ਤੋਂ ਇਲਾਵਾ ਉਹਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਸਲਾਹ ਦੇਂਦੇ ਹੋਏ ਕਿਹਾ ਕਿ ਉਹਨਾਂ ਨੂੰ ‘ਆਪ’ ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਵਿੱਚ ਵਿਵਹਾਰ ਕਰਨਾ ਸਿੱਖ ਸਕਣ ਅਤੇ ਸਰਕਾਰ ਦੇ ਮੌਜੂਦਾ ਕੰਮਕਾਜ ਨੂੰ ਵਿਗਾੜਨ ਤੋਂ ਬਚਣ।

Written By
The Punjab Wire