ਕਿਹਾ ਸਿੰਗਲ ਯੂਜ ਪਲਾਸਟਿਕ ਦਾ ਸਮਾਨ ਵੇਚਣ, ਖ਼ਰੀਦਣ, ਸਟੋਰ ਕਰਨ ਅਤੇ ਵਰਤੋਂ ਕਰਨ ਦੀ ਸਖ਼ਤ ਮਨਾਹੀ
ਬਟਾਲਾ, 19 ਜੁਲਾਈ (ਮੰਨਣ ਸੈਣੀ) ।ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਭਾਵ ਇੱਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਤੋਂ ਬਣੀਆਂ ਵੱਖ ਵੱਖ ਵਸਤੂਆਂ ਜਿਨਾਂ ਵਿੱਚ ਪਲਾਸਟਿਕ ਲਿਫਾਫੇ, ਥਰਮੋਕੋਲ ਆਦਿ ਸਾਮਲ ਹਨ, ਦੀ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਸਿੰਗਲ ਯੂਜ ਪਲਾਸਟਿਕ ਦਾ ਸਮਾਨ ਵੇਚਣ, ਖ਼ਰੀਦਣ, ਸਟੋਰ ਕਰਨ ਅਤੇ ਵਰਤੋਂ ਕਰਨ ਦੀ ਸਖ਼ਤ ਮਨਾਹੀ ਕੀਤੀ ਗਈ ਹੈ।
ਇਸ ਸਬੰਧੀ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ। ਇਸ ਟੀਮ ਦੀ ਅਗਵਾਈ ਨਗਰ ਨਿਗਮ ਦੇ ਸੁਪਰਡੈਂਟ ਨਿਰਮਲ ਸਿੰਘ ਕਰ ਰਹੇ ਸਨ। ਨਿਰਮਲ ਸਿੰਘ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਸਿੰਗਲ ਯੂਜ ਆਈਟਮਜ਼ ਵਿਚ ਈਅਰ ਬਰਡ ਪਲਾਸਟਿਕ ਸਟਿਕ ਵਾਲੇ, ਪਲਾਸਟਿਕ ਸਟਿਕ ਵਾਲੇ ਗੁਬਾਰੇ, ਪਲਾਸਟਿਕ ਦੇ ਝੰਡੇ, ਕੁਲਫੀ ਦੀ ਡੰਡੀ ਪਲਾਸਟਿਕ ਵਾਲੀ, ਆਈਸ ਕ੍ਰੀਮ ਸਟਿਕ, ਪਲਾਸਟਿਕ/ਥਰਮੋਕੋਲ ਦੇ ਫੁੱਲਾਂ ਵਾਲੀ ਸਜਾਵਟ, ਪਲੇਟ, ਕੱਪ, ਗਲਾਸ, ਕਾਂਟੇ, ਚਮਚੇ, ਚਾਕੂ, ਸਟਰਾਅ, ਟਰੇਅ, ਰੈਪਿੰਗ ਜਾਂ ਪੈਕਿੰਗ ਮੀਟੀਰੀਅਲ, ਮਠਿਆਈ ਦੇ ਡੱਬੇ ਉੱਤੇ ਪਲਾਸਟਿਕ ਰੈਪ, ਇਨਵੀਟੇਸ਼ਨ, ਕਾਰਡ, ਸਿਗਰੇਟ, ਪੈਕਿੰਗ, ਪਲਾਸਟਿਕ ਜਾਂ ਪੀ.ਵੀ.ਸੀ ਬੈਨਰ, ਪਲਾਸਟਿਕ ਆਈਟਮ, ਪਲਾਸਟਿਕ ਬੋਤਲ ਪਾਣੀ ਵਾਲੀ, ਸਟੋਰ ਕਰਨ ਲਈ ਬਰਤਨ, ਖਾਣੇ ਨੂੰ ਪੈਕ ਕਰਨ ਵਾਲਾ ਸਿਲਵਰ ਰੋਲ, ਸਿੰਗਲ ਯੂਜ ਪਲਾਸਟਿਕ, ਡਿਸਪੋਜਲ ਆਦਿ ਆਉਂਦੇ ਹਨ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨੋਟੀਫਿਕੇਸ਼ਨ ਦੇ ਤਹਿਤ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ ਆਈਟਮਾਂ ਨੂੰ ਬਣਾਉਣ, ਵੇਚਣ ਅਤੇ ਵਰਤੋਂ ਕਰਨ ’ਤੇ ਮਨਾਹੀ ਕੀਤੀ ਗਈ ਹੈ।
ਉਨਾਂ ਸਾਰੇ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਉਸਦੇ ਖ਼ਿਲਾਫ਼ ਵਾਤਾਵਰਣ ਸੁਰੱਖਿਆ ਐਕਟ 1956 ਦੇ ਤਹਿਤ ਅਤੇ ਸੈਨੀਟੇਸ਼ਨ ਬਾਇਲਾਜ ਦੇ ਤਹਿਤ ਸਮਾਨ ਜ਼ਬਤ ਕੀਤਾ ਜਾਵੇਗਾ ਅਤੇ ਚਲਾਨ ਵੀ ਕੱਟਿਆ ਜਾਵੇਗਾ, ਜਿਸ ਦਾ ਸਬੰਧਤ ਵਿਅਕਤੀ/ਦੁਕਾਨਦਾਰ ਕੋਲੋਂ ਜ਼ੁਰਮਾਨਾ ਵੀ ਵਸੂਲ ਕੀਤਾ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਦੁਕਾਨਦਾਰ ਦੀ ਹੋਵੇਗੀ। ਉਨਾਂ ਕਿਹਾ ਕਿ ਪਾਲਸਟਿਕ ਲਿਫ਼ਾਫ਼ੇ ਬੰਦ ਹੋਣ ਨਾਲ ਸਫ਼ਾਈ ਵਿਵਸਥਾ ਅਤੇ ਵਾਤਾਵਰਣ ਵਿਚ ਕਾਫ਼ੀ ਸੁਧਾਰ ਆਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਉਹ ਬਜ਼ਾਰ ਜਾਣ ਸਮੇਂ ਘਰ ਤੋਂ ਹੀ ਕੱਪੜੇ ਦੇ ਬੈਗ/ਥੈਲੇ/ਜੂਟ ਬੈਗ ਆਦਿ ਲੈ ਕੇ ਜਾਣ।