ਸਿੱਖਿਆ ਹੋਰ ਪੰਜਾਬ

ਸਕੂਲ ਸਿੱਖਿਆ ਮੰਤਰੀ ਵੱਲੋਂ “ਮਿਸ਼ਨ ਸਿੱਖਿਆ” ਦਾ ਆਗ਼ਾਜ਼, ਨੰਗਲ ਦੇ ਵੱਖ-ਵੱਖ ਸਕੂਲਾਂ ਦੇ ਦੌਰੇ

ਸਕੂਲ ਸਿੱਖਿਆ ਮੰਤਰੀ ਵੱਲੋਂ “ਮਿਸ਼ਨ ਸਿੱਖਿਆ” ਦਾ ਆਗ਼ਾਜ਼, ਨੰਗਲ ਦੇ ਵੱਖ-ਵੱਖ ਸਕੂਲਾਂ ਦੇ ਦੌਰੇ
  • PublishedJuly 18, 2022

ਵਿਦਿਆਰਥੀਆਂ ਨੂੰ ਢੁਕਵਾਂ ਵਿੱਦਿਅਕ ਮਾਹੌਲ ਪ੍ਰਦਾਨ ਕਰਨਾ ਸਾਡੀ ਮੁਢਲੀ ਜ਼ਿੰਮੇਵਾਰੀ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ/ਨੰਗਲ, 18 ਜੁਲਾਈ ( ਦ ਪੰਜਾਬ ਵਾਇਰ)।ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਵਾਅਦੇ ਤਹਿਤ ਸਿੱਖਿਆ ਸੁਧਾਰਾਂ ਲਈ ਜ਼ੋਰਦਾਰ ਤਰੀਕੇ ਨਾਲ ਕੰਮ ਅਰੰਭ ਦਿੱਤੇ ਗਏ ਹਨ ਜਿਸ ਤਹਿਤ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਨਿਰੰਤਰ ਸਕੂਲਾਂ ਦੇ ਦੌਰੇ ਕੀਤੇ ਜਾ ਰਹੇ ਹਨ।

ਸਿੱਖਿਆ ਮੰਤਰੀ ਨੇ “ਮਿਸ਼ਨ ਸਿੱਖਿਆ” ਦਾ ਆਗ਼ਾਜ਼ ਕਰਦਿਆਂ ਅੱਜ ਨੰਗਲ ਦੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਦੇਣ ਦਾ ਕੀਤਾ ਗਿਆ ਵਾਅਦਾ ਛੇਤੀ ਹੀ ਪੂਰਾ ਕੀਤਾ ਜਾਵੇਗਾ। ਆਪਣੇ ਸਕੂਲ ਦੌਰਿਆਂ ਮੌਕੇ ਸਿੱਖਿਆ ਸੁਧਾਰ ‘ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਜੇਕਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਚੰਗਾ ਮਾਹੌਲ ਮਿਲੇਗਾ ਤਾਂ ਹੀ ਬੱਚਿਆਂ ਦੀ ਸੋਚ ਉਸਾਰੂ ਹੋਵੇਗੀ ਅਤੇ ਉਹ ਜ਼ਿੰਦਗੀ ਵਿੱਚ ਤਰੱਕੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਢੁਕਵਾਂ ਵਿੱਦਿਅਕ ਵਾਤਾਵਰਣ ਹੋਣਾ ਬੇਹੱਦ ਲਾਜ਼ਮੀ ਹੈ ਅਤੇ ਵਿਦਿਆਰਥੀਆਂ ਨੂੰ ਢੁਕਵਾਂ ਮਾਹੌਲ ਪ੍ਰਦਾਨ ਕਰਨਾ ਸਾਡੀ ਮੁਢਲੀ ਜ਼ਿੰਮੇਵਾਰੀ ਹੈ।

ਸਕੂਲ ਸਿੱਖਿਆ ਮੰਤਰੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਅਤੇ ਆਲੇ ਦੁਆਲੇ ਦੇ ਹੋਰਨਾਂ ਵਿੱਦਿਅਕ ਅਦਾਰਿਆਂ ਵਿੱਚ ਜਿੱਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਪੜ੍ਹਾਈ ਦੇ ਪੱਧਰ ਨੂੰ ਜਾਣਿਆ, ਉਥੇ ਵਿਦਿਆਰਥੀਆਂ ਸਣੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਗਹੁ ਨਾਲ ਸੁਣੀਆਂ। ਮੰਤਰੀ ਨੇ ਬੱਚਿਆਂ ਤੋਂ ਪਹਾੜੇ ਅਤੇ ਕਵਿਤਾਵਾਂ ਸੁਣੀਆਂ, ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਵੇਖੀਆਂ ਅਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਕੈਬਨਿਟ ਮੰਤਰੀ ਬੱਚਿਆਂ ਦੇ ਹੌਸਲੇ ਨੂੰ ਵੇਖ ਕੇ ਬਹੁਤ ਪ੍ਰਭਾਵਤ ਹੋਏ। ਵਿਦਿਆਰਥੀਆਂ ਨੂੰ ਲੋੜੀਦੀਆਂ ਸਹੂਲਤਾਂ ਬਾਰੇ ਪੁੱਛਣ ਉਪਰੰਤ ਮੰਤਰੀ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਨੂੰ ਬਹੁਤ ਜਲਦੀ ਨਵੀਂ ਇਮਾਰਤ ਬਣਾ ਕੇ ਦੇਣ ਦੇ ਯਤਨ ਕਰਨਗੇੇ।

ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੁਹਰਾਇਆ ਕਿ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਨਮੂਨੇ ਦੇ ਵਿੱਦਿਅਕ ਅਦਾਰਿਆਂ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਸਰਕਾਰੀ ਸਕੂਲਾਂ ਦਾ ਪੱਧਰ ਕਾਨਵੈਂਟ ਤੇ ਮਾਡਲ ਸਕੂਲਾਂ ਤੋਂ ਬਿਹਤਰ ਕੀਤਾ ਜਾਵੇਗਾ।     

Written By
The Punjab Wire