ਐਸ.ਐਸ.ਪੀ ਨੂੰ ਤਤਕਾਲ ਹਿਦਾਇਤ ਜਾਰੀ ਕਰ ਡੀਸੀ ਇਸ਼ਫਾਕ ਨੇ ਕਿਹਾ ਨਹੀਂ ਸਹਿਣ ਕੀਤਾ ਜਾਵੇਗਾ ਸੀਨੀਅਰ ਸਿਟੀਜ਼ਨ ਨਾਲ ਅਜਿਹਾ ਗੈਰ-ਮਨੁੱਖੀ ਵਿਵਹਾਰ
ਜ਼ਿਲ੍ਹਾ ਵਾਸੀ ਹੁਣ ਡਿਪਟੀ ਕਮਿਸ਼ਨਰ ਨਾਲ ਘਰ ਤੋਂ ਹੀ ਵੈਬਐਕਸ ਜਰੀਏ ਆਨ-ਲਾਈਨ ਰਾਬਤਾ ਕਰ ਸਕਦੇ ਹਨ
ਗੁਰਦਾਸਪੁਰ, 18 ਜੁਲਾਈ ( ਮੰਨਣ ਸੈਣੀ)। ਸੋਮਵਾਰ ਨੂੰ ਰੋਜ਼ਾਨਾ ਵਾਂਗ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਆਨ-ਲਾਈਨ ਮੀਟਿੰਗ ਕੀਤੀ ਗਈ। ਜਿਸ ਵਿੱਚ ਕਾਦੀਆਂ ਤੋਂ ਵੈਨਕੂਵਰ ਤੱਕ ਜ਼ਿਲ੍ਹਾ ਵਾਸੀਆਂ ਨੇ ਆਪਣੇ ਮਸਲੇ ਦੱਸੇ, ਜਿਨ੍ਹਾਂ ਦਾ ਪ੍ਰਸ਼ਾਸਨ ਵੱਲੋਂ ਹੱਲ ਕੀਤਾ ਗਿਆ।
ਪਰ ਇਸ ਆਨਲਾਈਨ ਮੀਟਿੰਗ ਵਿੱਚ ਕਾਦੀਆਂ ਦੇ ਧਰਮਪੁਰਾ ਮੁਹੱਲਾ ਦੀ ਇੱਕ ਬਜ਼ੁਰਗ ਮਾਤਾ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਗਈ ਅਤੇ ਦੱਸਿਆ ਗਿਆ ਕਿ ਉਹ ਕਿਓ ਗੁਰਦੁਆਰੇ ਸ਼ਰਨ ਲੈਣ ਤੇ ਮਜ਼ਬੂਰ ਹੋਈ ਪਈ ਹੈ। ਆਪਣਾ ਦੁੱਖ ਬਿਆਨ ਕਰਦੇ ਹੋਏ ਮਾਤਾ ਨੇ ਦੱਸਿਆ ਕਿ ਕਿਵੇਂ ਉਸਦੇ ਸ਼ਰੀਕੇ ਨੇ ਉਸਨੂੰ ਘਰ ਤੋਂ ਕੱਢ ਕੇ ਉਸ ਉੱਪਰ ਕਬਜ਼ਾ ਕਰ ਲਿਆ ਹੈ ਜਿਸ ਕਾਰਨ ਉਸਨੇ ਮਜ਼ਬੂਰਨ ਗੁਰਦਆਰਾ ਸਾਹਿਬ ਸ਼ਰਨ ਲਈ ਹੋਈ ਹੈ।
ਜਿਸ ਤੇ ਡਿਪਟੀ ਕਮਿਸ਼ਨਰ ਇਸ਼ਫਾਕ ਵੱਲੋਂ ਕਿਹਾ ਗਿਆ ਕਿ ਸੀਨੀਅਰ ਸਿਟੀਜ਼ਨ ਨਾਲ ਅਜਿਹੇ ਗੈਰ-ਮਨੁੱਖੀ ਵਿਵਹਾਰ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਅਤੇ ਮਾਤਾ ਦੀ ਗੁਹਾਰ ਸੁਨਣ ਤੋਂ ਬਾਅਦ ਉਨ੍ਹਾਂ ਵੱਲੋਂ ਤਤਕਾਲ ਐਸਐਸਪੀ ਬਟਾਲਾ ਨੂੰ ਪੂਰੀ ਜਾਂਚ ਕਰ ਮਾਤਾ ਨੂੰ ਇਨਸਾਫ਼ ਦਿਵਾਉਣ ਦੀ ਹਿਦਾਇਤ ਦਿੱਤੀ ਗਈ।
ਇਸ ਤੋਂ ਬਾਅਦ ਦੂਸਰੀ ਕਾਲ ਕਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਨਾਲ ਸਬੰਧਤ ਮਲਇੰਦਰ ਕੌਰ ਧਾਲੀਵਾਲ ਜੋ ਕਿ ਇਸ ਸਮੇਂ ਵੈਨਕੂਵਰ ਵਿਖੇ ਪੱਕੇ ਤੌਰ ’ਤੇ ਰਹਿ ਰਹੀ ਹੈ ਨੇ ਆਪਣੇ ਪਿਤਾ ਦੇ ਲਾਇਸੰਸੀ ਹਥਿਆਰਾਂ ਨੂੰ ਰੀਨਿਊ ਕਰਨ ਦੀ ਬੇਨਤੀ ਕੀਤੀ। ਮਲਇੰਦਰ ਧਾਲੀਵਾਲ ਨੇ ਕਿਹਾ ਕਿ ਉਸ ਦੇ ਪਿਤਾ ਉਸ ਕੋਲ ਕਨੇਡਾ ਆਏ ਹੋਏ ਹਨ ਅਤੇ ਕੀ ਉਹ ਕਨੇਡਾ ਤੋਂ ਆਨ-ਲਾਈਨ ਲਾਇਸੰਸ ਰੀਨਿਊ ਕਰਵਾ ਸਕਦੇ ਹਨ। ਇਸ ’ਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਅਰਜ਼ੀ ਭੇਜਣ ਲਈ ਕਹਿੰਦੇ ਹੋਏ ਕਿਹਾ ਕਿ ਭਾਰਤ ਰਹਿੰਦੇ ਪਰਿਵਾਰਕ ਮੈਂਬਰ ਉਨ੍ਹਾਂ ਹਥਿਆਰਾਂ ਨੂੰ ਆਪਣੇ ਥਾਣੇ ਵਿੱਚ ਜਮ੍ਹਾਂ ਕਰਵਾ ਦੇਣ ਅਤੇ ਜਦੋਂ ਲਾਇਸੰਸ ਧਾਰਕ ਭਾਰਤ ਆਉਣਗੇ ਤਾਂ ਸਰਕਾਰ ਦੀਆਂ ਹਦਾਇਤਾਂ ਤਹਿਤ ਉਨ੍ਹਾਂ ਦਾ ਲਾਇਸੰਸ ਰੀਨਿਊ ਕਰ ਦਿੱਤਾ ਜਾਵੇਗਾ। ਇਸ ’ਤੇ ਕਨੇਡਾ ਨਿਵਾਸੀ ਮਲਇੰਦਰ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।
ਬਟਾਲਾ ਨਿਵਾਸੀ ਕੁੰਨਣ ਸਿੰਘ ਨੇ ਆਪਣੀ ਧੀ ਦੇ ਸ਼ਗਨ ਸਕੀਮ ਦੀ ਰਾਸ਼ੀ ਨਾ ਮਿਲਣ ਦੀ ਸ਼ਿਕਾਇਤ ਕੀਤੀ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਭਲਾਈ ਅਫ਼ਸਰ ਕੋਲੋਂ ਰੀਪੋਰਟ ਲੈਣ ਦੀਆਂ ਹਦਾਇਤਾਂ ਦਿੱਤੀਆਂ। ਗੁਰਦਾਸਪੁਰ ਦੇ ਸੰਤ ਨਗਰ ਦੇ ਵਸਨੀਕ ਨੇ ਉਨ੍ਹਾਂ ਦੇ ਇਲਾਕੇ ਵਿੱਚ ਜਲ ਸਪਲਾਈ ਦੇ ਪਾਈਪ ਪਾਉਣ ਦੀ ਮੰਗ ਕੀਤੀ। ਇਸਦੇ ਨਾਲ ਹੀ ਜ਼ਿਲ੍ਹਾ ਦੇ ਹੋਰ ਭਾਗਾਂ ਵਿਚੋਂ ਵੀ ਵਿਅਕਤੀਆਂ ਨੇ ਆਨ-ਲਾਈਨ ਮੀਟਿੰਗ ਵਿੱਚ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ-ਲਾਈਨ ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਵਿੱਚ ਵੈਬਕਸ ਐਪ ਡਾਊਨਲੋਡ ਕਰਕੇ ਅਤੇ ਇਸ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰਿਆ ਜਾਵੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ ਤਹਿਸੀਲਦਾਰ ਦਫ਼ਤਰਾਂ, ਨਗਰ ਕੌਂਸਲ ਦਫ਼ਤਰਾਂ, ਨਗਰ ਨਿਗਮ ਦਫ਼ਤਰ ਬਟਾਲਾ ਅਤੇ ਸਮੂਹ ਬੀ.ਡੀ.ਪੀ.ਓਜ਼ ਦਫ਼ਤਰਾਂ ਵਿੱਚੋਂ ਵੀ 11 ਵਜੇ ਤੋਂ 12 ਵਜੇ ਦਰਮਿਆਨ ਆਨ-ਲਾਈਨ ਮੀਟਿੰਗ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ-ਲਾਈਨ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਲ ਭੇਜ ਸਕਦੇ ਹਨ।