ਜਿਲ੍ਹੇ ਦੇ 663 ਸਕੂਲਾਂ ਅੰਦਰ 6700 ਫਲਦਾਰ ਬੂਟੇ ਲਗਾਏ ਜਾਣਗੇ ।
ਗੁਰਦਾਸਪੁਰ 15 ਜੁਲਾਈ ( ਮੰਨਣ ਸੈਣੀ ) – ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਮੁਹਿੰਮਾਂ ਤਹਿਤ ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਰਾਜ ਪੱਧਰੀ ਪਹਿਲੀ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਬਾਗਬਾਨੀ ਵਿਭਾਗ, ਗੁਰਦਾਸਪੁਰ ਵੱਲੋਂ ਅੱਜ ਸਰਕਾਰੀ ਸਕੂਲਾਂ ਦੇ ਵੇਹੜੇ ਅੰਦਰ ਫਲਦਾਰ ਬੂਟੇ ਲਾਉਣ ਦੀ ਲੜੀ ਆਰੰਭੀ ਗਈ। ਇਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ, ਗੁਰਦਾਸਪੁਰ ਜੁਨਾਬ ਮੁਹੰਮਦ ਇਸ਼ਫਾਕ ਵੱਲੋਂ ਸਕੂਲ ਡਾਈਟ, ਗੁਰਦਾਸਪੁਰ ਵਿਖੇ ਅੰਬ ਦਾ ਬੂਟਾ ਲਗਾ ਕੇ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਇਸ ਮੁਹਿੰਮ ਲਈ ਬਾਗਬਾਨੀ ਵਿਭਾਗ ਅਤੇ ਸਕੂਲੀ ਸਿੱਖਿਆ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇਹਨਾਂ ਬੂਟਿਆਂ ਦੀ ਸਾਂਭ-ਸੰਭਾਲ ਕਰਨੀ ਵੀ ਯਕੀਨੀ ਬਣਾਈ ਜਾਵੇ। ਇਸ ਮੌਕੇ ਤੇ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ, ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਸੈਲਿੰਦਰ ਕੌਰ, ਆਈ.ਐਫ.ਐਸ. ਡਾਇਰੈਕਟਰ ਬਾਗਬਾਨੀ, ਪੰਜਾਬ ਜੀ ਅਗਵਾਈ ਹੇਠ ਪੂਰੇ ਪੰਜਾਬ ਦੇ ਸਕੂਲਾਂ ਅੰਦਰ 1.25 ਲੱਖ ਫਲਦਾਰ ਬੂਟੇ ਲਗਾਏ ਜਾ ਰਹੇ ਹਨ ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅੰਦਰ ਲਗਭਗ 663 ਸਕੂਲਾਂ ਅੰਦਰ 6700 ਫਲਦਾਰ ਬੂਟੇ ਲਗਾਏ ਜਾਣਗੇ। ਇਸ ਮੌਕੇ ਸ਼੍ਰੀ ਹਰਪਾਲ ਸਿੰਘ, ਜਿਲ੍ਹਾ ਸਿੱਖਿਆ ਅਫਸਰ ਅਤੇ ਸ਼੍ਰੀ ਨਵਦੀਪ ਸਿੰਘ, ਬਾਗਬਾਨੀ ਵਿਕਾਸ ਅਫਸਰ, ਗੁਰਦਾਸਪੁਰ ਹਾਜ਼ਰ ਸਨ।