ਗੁਰਦਾਸਪੁਰ, 16 ਜੁਲਾਈ ( ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਉਹਨਾਂ ਦੇ ਸੁਪੁੱਤਰ ਰਵੀਕਰਨ ਕਾਹਲੋ ਵੱਲੋਂ ਕੀਤੀ ਗਈ।
ਰਵੀਕਰਨ ਨੇ ਦੱਸਿਆ ਕਿ ਨਿਰਮਲ ਸਿੰਘ ਕਾਹਲੋਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਐਸਕਾਰਟ ਹਸਪਤਾਲ ਵਿੱਚ ਦਾਖ਼ਲ ਸਨ। ਰਾਤ 2 ਵਜੇ ਐਸਕਾਰਟ ਹਸਪਤਾਲ ਵਿਖੇ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਆਖਰੀ ਸੁਆਸ ਲੇ।
ਰਵੀਕਰਨ ਕਾਹਲੋਂ ਨੇ ਪਿਤਾ ਦੇ ਦਿਹਾਂਤ ’ਤੇ ਕਿਹਾ ਕਿ ਪਿਤਾ ਦੇ ਹੁੰਦੀਆਂ ਮੋਢਿਆਂ ’ਤੇ ਜੁੰਮੇਵਾਰੀਆਂ ਦਾ ਬੋਝ ਹਮੇਸ਼ਾ ਘੱਟ ਮਹਿਸੂਸ ਹੁੰਦਾ ਹੈ।ਸਵਰਗੀ ਨਿਰਮਲ ਸਿੰਘ ਕਾਹਲੋਂ ਦਾ ਸਸਕਾਰ ਕੱਲ੍ਹ ਮਿਤੀ 17-07-2022 (ਐਤਵਾਰ) ਠੀਕ 11.30 ਵਜੇ ਜੱਦੀ ਪਿੰਡ ਦਾਦੂਜੋਧ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਚ ਕੀਤਾ ਜਾਵੇਗਾ।
ਦੱਸਣ ਯੋਗ ਹੈ ਕਿ ਕਾਹਲੋਂ 1997 ਤੋਂ 2002 ਤੱਕ ਪੰਜਾਬ ਸਰਕਾਰ ਵਿੱਚ ਰੂਲਰ ਡਿਵੈਲਪਮੈਂਟ ਅਤੇ ਪੰਚਾਇਤ ਮੰਤਰੀ ਰਹੇ ਜਦਕਿ 2007 ਤੋਂ 2012 ਤਕ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿੱਚ ਵਿਧਾਨ ਸਭਾ ਸਪੀਕਰ ਵੀ ਰਹੇ। ਉਨ੍ਹਾਂ ਦੀ ਧਰਮ ਪਤਨੀ ਸੁਰਿੰਦਰ ਕੌਰ ਕਾਹਲੋਂ 2015 ਵਿੱਚ ਹੀ ਸਰੀਰ ਛੱਡ ਗਏ ਸਨ ਜਦ ਕਿ ਉਨ੍ਹਾਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਇਸ ਵਾਰ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ ਪਰ ਚੋਣ ਹਾਰ ਗਏ ਸਨ।