ਆਮ ਆਦਮੀ ਨੂੰ ਨਾ ਕੱਢਣੇ ਪੈਣ ਦਫ਼ਤਰਾਂ ਦੇ ਗੇੜੇ ਅਤੇ ਸ਼ਿਕਾਇਤ ਨਿਰਧਾਰਤ ਸਮੇਂ ਵਿੱਚ ਹੱਲ ਕਰਨਾ ਹੋਵੇਗੀ ਪਹਿਲੀ ਤਰਜੀਹ -ਡਾ. ਨਿਧੀ ਕੁਮੁਦ ਬੰਬਾਹ
ਗੁਰਦਾਸਪੁਰ, 14 ਜੁਲਾਈ (ਮੰਨਣ ਸੈਣੀ)। ਡਾ. ਨਿਧੀ ਕੁਮੁਦ ਬੰਬਾਹ ਵਲੋਂ ਮੰਗਲਵਾਰ ਨੂੰ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਾ ਅਹੁੰਦਾ ਸੰਭਾਲ ਲਿਆ ਗਿਆ। ਪਠਾਨਕੋਟ ਦੀ ਵਸਨੀਕ ਡਾ. ਨਿਧੀ ਬੰਬਾਹ 2012 ਬੈਚ ਦੇ ਪੀ.ਸੀ.ਐਸ ਅਧਿਕਾਰੀ ਹਨ। ਡਾ. ਨਿਧੀ ਇਸ ਤੋਂ ਪਹਿਲਾਂ ਜ਼ਿਲ੍ਹਾ ਰੂਪਨਗਰ ਵਿਖੇ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤਾਇਨਾਤ ਸਨ ਅਤੇ ਉਨ੍ਹਾਂ ਦਾ ਤਬਾਦਲਾ ਸ਼੍ਰੀਮਤੀ ਅਮਨਦੀਪ ਕੌਰ ਦੀ ਥਾਂ ਤੇ ਹੁਣ ਗੁਰਦਾਸਪੁਰ ਜ਼ਿਲ੍ਹਾ ਅੰਦਰ ਹੋਇਆ ਹੈ।
ਆਪਣੀ ਪਹਿਲੀ ਤਰਜੀਹ ਸੰਬੰਧੀ ਗੱਲਬਾਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲ ਰਹੇਗੀ ਕਿ ਆਮ ਆਦਮੀ ਨੂੰ ਸਰਕਾਰੀ ਦਫਤਰਾਂ ਦੇ ਗੇੜੇ ਨਾ ਕੱਢਣੇ ਪੈਣ ਅਤੇ ਉਨ੍ਹਾਂ ਦੀ ਸ਼ਿਕਾਇਤਾ ਦਾ ਹੱਲ ਨਿਰਧਾਰਿਤ ਸਮੇਂ ਅੰਦਰ ਹੀ ਹੋ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਹੇਠਲੇ ਪੱਧਰ ਤੱਕ ਲੋੜਵੰਦ ਲਾਭਪਾਤਰੀ ਨੂੰ ਲਾਭ ਪੁਜਦਾ ਕੀਤਾ ਜਾ ਸਕੇ, ਜਿਸ ਵਿੱਚ ਬੁਢਾਪਾ ਪੈਂਸ਼ਨ ਅਤੇ ਹੋਰ ਲੋਕ ਭਲਾਈ ਦੀਆਂ ਸਕੀਮਾਂ ਸ਼ਾਮਿਲ ਹਨ।
ਸਰਹਦੀ ਜ਼ਿਲ੍ਹਾ ਗੁਰਦਾਸਪੁਰ ਲਈ ਹੁਨਰ ਵਿਕਾਸ ਨੂੰ ਲਾਹੇਵੰਦ ਦੱਸਦੇ ਹੋਏ ਡਾ. ਨਿਧੀ ਨੇ ਦੱਸਿਆ ਕਿ ਉਹ ਇਸ ਤੇ ਵੀ ਫੋਕਸ ਕਰਨਗੇਂ ਤਾਕਿ ਰੋਜ਼ਗਾਰ ਦੇ ਸਾਧਨ ਵੱਧ ਸਕਣ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡਾ. ਨਿਧੀ ਕੁਮੁਦ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਦੌਰਾਨ ਦੀਨਾਨਗਰ ਵਿਖੇ ਬਤੌਰ ਐਸਡੀਐਮ ਆਪਣਿਆਂ ਸੇਵਾਵਾਂ ਦੇ ਚੁੱਕੇ ਹਨ।