ਪਟਿਆਲਾ, 14 ਜੁਲਾਈ (ਦ ਪੰਜਾਬ ਵਾਇਰ)। ਸਾਲ 2003 ਨਾਲ ਸੰਬੰਧਤ ‘ਕਬੂਤਰਬਾਜ਼ੀ’ ਦੇ ਮਾਮਲੇ ਵਿੱਚ ਪੰਜਾਬੀ ਅਤੇ ਬਾਲੀਵੁੱਡ ਦੇ ਨਾਮਵਰ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਅੱਜ ਪਟਿਆਲਾ ਦੀ ਅਦਾਲਤ ਵੱਲੋਂ ਬਰਕਰਾਰ ਰੱਖੇ ਜਾਣ ਉਪਰੰਤ ਪਟਿਆਲਾ ਪੁਲਿਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਵੱਲੋਂ ਅੱਜ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਜਾਣਾ ਸੀ ਅਤੇ ਦਲੇਰ ਮਹਿੰਦੀ ਆਪ ਇਸ ਅਦਾਲਤ ਵਿੱਚ ਹਾਜ਼ਰ ਸਨ।
ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਮਰਹੂਮ ਭਰਾ ਸ਼ਮਸ਼ੇਰ ਮਹਿੰਦੀ ’ਤੇ ਬਲਵੇਹੜਾ ਦੇ ਇਕ ਵਿਅਕਤੀ ਬਖ਼ਸ਼ੀਸ਼ ਸਿੰਘ ਨੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੂੰ ‘ਕਬੂਤਰਬਾਜ਼ੀ’ ਜ਼ਰੀਏ ਦਲੇਰ ਮਹਿੰਦੀ ਅਤੇ ਸ਼ਮਸ਼ੇਰ ਮਹਿੰਦੀ ਨੇ ਵਿਦੇਸ਼ ਛੱਡ ਕੇ ਆਉਣ ਲਈ ਉਨ੍ਹਾਂ ਤੋਂ ਮੋਟੀ ਰਕਮ ਲਈ ਸੀ ਪਰ ਉਨ੍ਹਾਂ ਨੂੂੰ ਵਿਦੇਸ਼ ਨਹੀਂ ਲਿਜਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੀ ਰਕਮ ਮੋੜੀ ਗਈ।
ਇਸ ਮਮਾਲੇ ਵਿੱਚ ਪੰਜਾਬ ਪੁਲਿਸ ਐਕਸ਼ਨ ਵਿੱਚ ਆਈ ਸੀ ਅਤੇ ਦਲੇਰ ਮਹਿੰਦੀ ਅਤੇ ਸ਼ਮਸ਼ੇਰ ਮਹਿੰਦੀ ਖਿਲਾਫ਼ ਧਾਰਾ 420 ਅਤੇ 120-ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ ਪਟਿਆਲਾ ਦੀ ਅਦਾਲਤ ਵੱਲੋਂ ਇਸ ਕੇਸ ਵਿੱਚ ਸੁਣਵਾਈਆਂ ਤੋਂ ਬਾਅਦ 16 ਮਾਰਚ 2018 ਨੂੰ ਦੋਹਾਂ ਭਰਾਵਾਂ ਨੂੰ ਦੋਸ਼ੀ ਠਹਿਰਾਉਂਦਿਆਂ 2 ਸਾਲ ਦੀ ਸਜ਼ਾ ਸੁਣਾਈ ਸੀ। ਪਟਿਆਲਾ ਦੀ ਸੈਸ਼ਨਜ਼ ਅਦਾਲਤ ਵੱਲੋਂ 30 ਮਾਰਚ, 2018 ਨੂੰ ਦਲੇਰ ਮਹਿੰਦੀ ਦੀ ਸਜ਼ਾ ‘ਸਸਪੈਂਡ’ ਕਰ ਦਿੱਤੀ ਗਈ ਸੀ।
ਅਦਾਲਤ ਦੇ ਇਸ ਫ਼ੈਸਲੇ ਦੇ ਖਿਲਾਫ਼ ਦਲੇਰ ਮਹਿੰਦੀ ਨੇ ਸੈਸ਼ਨਜ਼ ਅਦਾਲਤ ਵਿੱਚ ਅਪੀਲ ਪਾਈ ਹੋਈ ਸੀ ਜਿਸਦਾ ਫ਼ੈਸਲਾ ਵੀਰਵਾਰ ਨੂੰ ਆਇਆ ਜਿਸ ਮਗਰੋਂ ਖ਼ਬਰ ਇਹ ਹੈ ਕਿ ਪੁਲਿਸ ਨੇ ਦਲੇਰ ਮਹਿੰਦੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਪ੍ਰਕ੍ਰਿਆ ਪੂਰੀ ਹੋਣ ਮਗਰੋਂ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿੱਚ ਲਿਜਾਇਆ ਜਾਵੇਗਾ।