ਕੈਬਨਿਟ ਮੰਤਰੀ ਨੇ ਪੇਡਾ ਦੀ ਪਲੇਠੀ ਮੀਟਿੰਗ ਵਿੱਚ ਊਰਜਾ ਦੇ ਨਵੇਂ ਸਾਧਨਾਂ ਦੇ ਪ੍ਰਚਾਰ ਤੇ ਪਸਾਰ ਉਤੇ ਦਿੱਤਾ ਜ਼ੋਰ
ਚੰਡੀਗੜ੍ਹ, 12 ਜੁਲਾਈ ( ਦ ਪੰਜਾਬ ਵਾਇਰ)। ਪੰਜਾਬ ਨੂੰ ਨਵੀਂ ਤੇ ਨਵਿਆਉਣਯੋਗ ਊਰਜਾ ਨਿਪੁੰਨ ਤੇ ਸਮੱਰਥ ਬਣਾਉਣ ਲਈ ਵਿਆਪਕ ਕਦਮ ਚੁੱਕੇ ਜਾਣਗੇ ਅਤੇ ਪੰਜਾਬ ਨੂੰ ਇਸ ਨਵੀਂ ਊਰਜਾ ਸੰਪੰਨ ਸੂਬਾ ਬਣਾਉਣ ਲਈ ਕੋਈ ਕਸਰ ਨਹੀਂ ਛੱਡਾਂਗੇ। ਇਹ ਗੱਲ ਪੰਜਾਬ ਦੇ ਨਵੇਂ ਬਣੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਨੇ ਅੱਜ ਇੱਥੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੇ।
ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਵਾਤਾਵਰਣ ਪੱਖੀ ਮਾਹੌਲ ਸਿਰਜਣ ਅਤੇ ਊਰਜਾ ਦੇ ਰਵਾਇਤੀ ਸਰੋਤਾਂ ਦੇ ਨਾਲ ਆਧੁਨਿਕ ਸਰੋਤਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਵੀਂ ਊਰਜਾ ਦੇ ਸੋਮੇ ਜਿਵੇਂ ਕਿ ਸੋਲਰ, ਬਾਇਓ ਮਾਸ ਤੇ ਹਾਈਡਲ ਪ੍ਰਾਜੈਕਟਾਂ ਨੂੰ ਸਥਾਪਤ ਕਰਕੇ ਇਸ ਦੇ ਪ੍ਰਚਾਰ ਤੇ ਪਸਾਰ ਉਤੇ ਧਿਆਨ ਦੇਣ ਲਈ ਕਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਅੱਜ ਆਲਮੀ ਸਮੱਸਿਆ ਬਣ ਗਿਆ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਮਾਹੌਲ ਅਤੇ ਸ਼ੁੱਧ ਵਾਤਾਵਾਰਣ ਦਿੱਤਾ ਜਾਵੇ ਜਿਸ ਲਈ ਊਰਜਾ ਦੇ ਰਵਾਇਤੀ ਸੋਮਿਆਂ ਤੋਂ ਅੱਗੇ ਵਧਦਿਆਂ ਨਵੇਂ ਸਰੋਤਾਂ ਨੂੰ ਹੁਲਾਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਵੀ ਇਸ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਦੇਸ਼ ਨਵੀਂ ਊਰਜਾ ਦੇ ਖੇਤਰ ਉਤੇ ਧਿਆਨ ਦੇ ਰਹੇ ਹਨ।
ਸ੍ਰੀ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨਵੀਂ ਊਰਜਾ ਦੇ ਨਵੇਂ ਪ੍ਰਾਜੈਕਟ ਲਗਾਉਣ ਲਈ ਇਸ ਦੇ ਰਾਹ ਤਲਾਸ਼ਣ ਅਤੇ ਇਸ ਸੰਬੰਧੀ ਵਿਆਪਕ ਵਿਸਥਾਰਤ ਰਿਪੋਰਟ ਬਣਾਉਣ ਲਈ ਕਿਹਾ।ਇਸ ਮੌਕੇ ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ ਤੇ ਪੇਡਾ ਦੇ ਸੀ.ਈ.ਓ. ਸੁਮੀਤ ਜਾਰੰਗਲ ਵੀ ਹਾਜ਼ਰ ਸਨ।