ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ ਨੂੰ ਗੈਰ-ਕਾਨੂੰਨੀ ਅਤੇ ਲੋਕ ਹਿੱਤ ਵਿਰੋਧੀ ਮੰਨਿਆ ਜਾਵੇਗਾ: ਮਾਲ ਮੰਤਰੀ
ਚੰਡੀਗੜ੍ਹ, 9 ਜੁਲਾਈ (ਦ ਪੰਜਾਬ ਵਾਇਰ)।ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਮੰਗਾ ਨੂੰ ਲੈ ਕੇ 11 ਜੁਲਾਈ ਤੋਂ ਹੜਤਾਲ ਦੇ ਐਲਾਨ ਤੇ ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੋ ਟੁੱਕ ਵਿੱਚ ਗੱਲ ਕਹੀ ਹੈ। ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਦਬਾਅ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਅੱਗੇ ਨਹੀਂ ਝੁਕੇਗੀ ਅਤੇ ਜਿਹੜੇ ਮੁਲਾਜ਼ਮ ਮਹਿਜ਼ ਆਪਣੇ ਮੁਫਾਦ ਲਈ ਦਬਾਅ ਬਣਾਉਣ ਵਾਸਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਮਾਲ ਮੰਤਰੀ ਨੇ ਇਹ ਪ੍ਰਤੀਕਿਰਿਆ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ 11 ਜੁਲਾਈ, 2022 ਤੋਂ ਦਿੱਤੇ ਹੜਤਾਲ ਦੇ ਸੱਦੇ ‘ਤੇ ਜ਼ਾਹਿਰ ਕੀਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਹੜਤਾਲ ਨੂੰ ਗ਼ੈਰ-ਕਾਨੂੰਨੀ, ਵਿਕਾਸ ਵਿਰੋਧੀ ਅਤੇ ਲੋਕ ਹਿੱਤਾਂ ਦੇ ਵਿਰੁੱਧ ਮੰਨਿਆ ਜਾਵੇਗਾ ਕਿਉਂਕਿ ਐਸੋਸੀਏਸ਼ਨ ਦੇ ਬੈਨਰ ਹੇਠ ਕੁਝ ਵਿਅਕਤੀ ਆਪਣੇ ਆਹੁਦੇ ਦੀ ਦੁਰਵਰਤੋਂ ਕਰ ਕੇ ਮੁਲਾਜ਼ਮ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ।
ਉਨ੍ਹਾਂ ਸਮੂਹ ਮਾਲ ਕਰਮਚਾਰੀਆਂ ਨੂੰ ਸੂਬੇ ਦੀ ਭਲਾਈ ਲਈ ਇਸੇ ਤਰ੍ਹਾਂ ਸਖ਼ਤ ਮਿਹਨਤ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਅਸਲ ਵਿੱਚ ਬਹੁਗਿਣਤੀ ਮੁਲਾਜ਼ਮ ਇਸ ਤਰ੍ਹਾਂ ਦੀਆਂ ਦਬਾਅ ਬਣਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਸੂਬਾ ਸਰਕਾਰ ਸਾਰੇ ਮੁਲਾਜ਼ਮਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਮਾਲ ਵਿਭਾਗ ਦੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਤਹਿਸੀਲਾਂ ‘ਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ ਅਤੇ ਇਸ ਦਿਸ਼ਾ ‘ਚ ਸਰਕਾਰ ਦੀ ਮੁਹਿੰਮ ਨਿਰਵਿਘਨ ਜਾਰੀ ਰਹੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਮਾਲ ਅਧਿਕਾਰੀਆਂ ਵਲੋਂ ਸੂਬੇ ਭਰ ‘ਚ ਰਜਿਸਟ੍ਰੇਸ਼ਨ ਦਾ ਕੰਮ 11 ਜੁਲਾਈ ਤੋਂ ਠੱਪ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕਿਉਕਿ ਪਿਛਲੇ ਦਿਨੀਂ ਮਾਲ ਅਧਿਕਾਰੀਆਂ ਵਲੋਂ ਸਬ-ਰਜਿਸਟਰਾਰ ਦੀ ਮੁਅੱਤਲੀ ਦੇ ਮਾਮਲੇ ਨੂੰ ਲੈ ਕੇ ਸੂਬੇ ਭਰ ਵਿਚ ਹੜਤਾਲ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵਲੋਂ ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਚਾਰਜਸ਼ੀਟ ਕਰ ਦਿੱਤਾ ਸੀ।
ਉੱਚ ਅਧਿਕਾਰੀਆਂ ਵਲੋਂ ਪ੍ਰਧਾਨ ਗੁਰਦੇਵ ਸਿੰਘ ਧੰਮ ਉੱਪਰ ਗੰਭੀਰ ਦੋਸ਼ ਵੀ ਲਗਾਏ ਸਨ। ਇਸ ਮਾਮਲੇ ਨੂੰ ਲੈ ਕੇ ਮਾਲ ਅਧਿਕਾਰੀਆਂ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਸੀ ਕਿ ਸੂਬੇ ਭਰ ‘ਚ ਸੋਮਵਾਰ ਤੋਂ ਵਾਧੂ ਚਾਰਜ ਅਤੇ ਰਜਿਸਟ੍ਰੇਸ਼ਨ ਦਾ ਕੰਮ ਬੰਦ ਕੀਤਾ ਜਾਵੇਗਾ। ਇਸ ਸੰਬੰਧੀ ਐਸੋਸਿਏਸ਼ਨ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਅਤੇ ਮਾਲ ਵਿਭਾਗ ਨੂੰ ਨੋਟਿਸ ਜਾਰੀ ਕਰ 11 ਜੁਲਾਈ ਤੱਕ ਮਾਲ ਵਿਭਾਗ ਦੇ ਸਸਪੈਂਡ ਕੀਤੇ ਗਏ ਅਧਿਕਾਰੀਆਂ ਨੂੰ ਬਹਾਲ ਕਰਨ ਸੰਬੰਧੀ , ਮਾਲ ਅਧਿਕਾਰੀਆਂ ਦੀ ਬਿਨ੍ਹਾਂ ਵਜਾ ਰਿਜੈਸਟ ਕੀਤੀ ਐਕਸ ਇੰਡੀਆ ਲੀਵ ਨੂੰ ਮੰਜੂਰ ਕੀਤਾ ਜਾਵੇਂ ਅਤੇ ਪ੍ਰਧਾਨ ਗਰਦੇਵ ਸਿੰਘ ਧੰਮ ਨੂੰ ਨਾਜ਼ਾਇਜ ਜਾਰੀ ਕੀਤੀ ਗਈ ਚਾਰਜਸ਼ੀਟ ਵਾਪਸ ਲੈਣ ਸੰਬੰਧੀ ਕਿਹਾ ਗਿਆ ਹੈ।
ਐਸੋਸੀਏਸ਼ਨ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਸੋਮਵਾਰ 11 ਜੁਲਾਈ ਤੱਕ ਇਹ ਫੈਸਲੇ ਨਹੀਂ ਕੀਤੇ ਜਾਂਦੇ ਤਾਂ ਸੋਮਵਾਰ ਤੋਂ ਸਾਰੇ ਮਾਲ ਅਧਿਕਾਰੀ ਰਜਿਸਟਰੇਸ਼ਨ ਦਾ ਕੰਮ ਅਤੇ ਵਾਧੂ ਸਰਕਲਾਂ ਦਾ ਕੰਮ ਨਹੀਂ ਕਰਨਗੇ। ਕੋਈ ਵੀ ਮਾਲ ਅਫਸ਼ਰ ਡਿਉਟੀ ਮੈਜਿਸਟਰੇਟ ਦੀ ਡਿਉਟੀ ਨਹੀਂ ਕਰੇਗਾ ਅਤੇ ਕੋਈ ਵੀ ਮਾਲ ਅਧਿਕਾਰੀ ਸ਼ਨੀਵਾਰ, ਐਤਵਾਰ ਨੂੰ ਕਿਸੇ ਤਰਾਂ ਦੀ ਮੀਟਿੰਗ ਵੀ ਅਟੈਂਡ ਨਹੀਂ ਕਰੇਗਾ।