ਉੂਨਾ, 9 ਜੁਲਾਈ (ਦ ਪੰਜਾਬ ਵਾਇਰ)। ਊਨਾ ਪੁਲਿਸ ਵਲੋਂ 8 ਜੁਲਾਈ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਨੈਸ਼ਨਲ ਹਾਈਵੇ 503 ਏ ਦੇ ਨਾਲ ਊਨਾ ਸ਼ਹਿਰ ਦੇ ਨੇੜੇ ਲਾਲਸਿੰਗੀ ਪਿੰਡ ਤੋਂ ਇੱਕ ਤਿੰਨ ਸਾਲਾ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਊਨਾ ਦੇ ਐਸਪੀ ਅਰਿਜੀਤ ਸੇਨ ਠਾਕੁਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਲਾਲਸਿੰਘੀ ਵਾਸੀ ਗੁਲਜ਼ਾਰ ਸਿੰਘ ਨੇ ਇਸ ਸਬੰਧ ਵਿੱਚ ਊਨਾ ਪੁਲੀਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਆਪਣੇ ਘਰ ਸੀ ਅਤੇ ਉਸ ਦਾ ਲੜਕਾ ਸੜਕ ਕਿਨਾਰੇ ਖੇਡ ਰਿਹਾ ਸੀ। ਅਚਾਨਕ ਉਸ ਨੇ ਇੱਕ ਆਦਮੀ ਨੂੰ ਆਪਣੇ ਪੁੱਤਰ ਨੂੰ ਚੁੱਕ ਕੇ ਭੱਜਦੇ ਦੇਖਿਆ।
ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹ ਭੱਜ ਕੇ ਬਾਹਰ ਆਇਆ ਤਾਂ ਦੇਖਿਆ ਕਿ ਦੋ ਹੋਰ ਵਿਅਕਤੀ ਮੋਟਰਸਾਈਕਲ ‘ਤੇ ਉਡੀਕ ਕਰ ਰਹੇ ਸਨ। ਜਿਵੇਂ ਹੀ ਮੁਲਜ਼ਮ ਨੇ ਬੱਚੇ ਦੇ ਨਾਲ ਮੋਟਰਸਾਈਕਲ ’ਤੇ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਗੁਲਜ਼ਾਰ ਨੇ ਉਸ ਨੂੰ ਫੜ ਕੇ ਉਸ ਦਾ ਲੜਕਾ ਖੋਹ ਲਿਆ। ਨੇੜੇ ਖੜ੍ਹੇ ਲੋਕਾਂ ਨੇ ਤਿੰਨਾਂ ਮੁਲਜ਼ਮਾਂ ਨੂੰ ਘੇਰ ਲਿਆ ਅਤੇ ਪੁਲੀਸ ਨੂੰ ਬੁਲਾ ਲਿਆ।
ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਮੰਤਨ ਚੌਧਰੀ ਅਤੇ ਬਲਦੇਵ ਸਿੰਘ ਦੋਵੇਂ ਵਾਸੀ ਪਿੰਡ ਮਨਚੋਪੜਾ ਸਿੱਧਵਾਮਾ ਅਤੇ ਕੁਲਦੀਪ ਸਿੰਘ ਵਾਸੀ ਮਾਨ ਪਿੰਡ ਤਿੰਨੋਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਤਿੰਨੇ ਮੋਟਰਸਾਈਕਲ ਸਵਾਰ ਸਨ ਜਿਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.06ਏ.ਕਿਊ. 7553 ਸੀ।
ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 363, 511 ਅਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।