ਕਾਦੀਆਂ (ਗੁਰਦਾਸਪੁਰ), 6 ਜੁਲਾਈ ( ਮੰਨਣ ਸੈਣੀ)। ਕਹਿੰਦੇ ਹਨ ਕਿ ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ। ਜਦੋਂ ਦੋ ਦਿਲ ਮਿਲ ਜਾਂਦੇ ਹਨ ਤਾਂ ਸਰਹੱਦਾਂ ਕੋਈ ਮਾਅਨੇ ਨਹੀਂ ਰੱਖਦੀਆਂ। ਇਹ ਗੱਲ ਉਦੋਂ ਸੱਚ ਸਾਬਤ ਹੋਈ ਜਦੋਂ ਮੀਡੀਆ ਦੀ ਕੋਸ਼ਿਸ਼ਾਂ ਦੀ ਬਦੌਲਤ ਲਾਹੌਰ ਦੀ ਰਹਿਣ ਵਾਲੀ ਕ੍ਰਿਸ਼ਚੀਅਨ ਯੁਵਤੀ ਸ਼ਮਾਇਲਾ ਨੂੰ ਜਲੰਧਰ ਦੇ ਰਹਿਣ ਵਾਲੇ ਹਿੰਦੂ ਲੜਕੇ ਕਮਲ ਕਲਿਆਣ ਨਾਲ ਵਿਆਹ ਕਰਵਾਉਣ ਲਈ ਅੱਜ ਵਾਹਗਾ ਸਰਹੱਦ ਰਾਹੀਂ ਭਾਰਤ ‘ਚ ਦਾਖ਼ਿਲ ਹੋ ਗਈ। ਉਸ ਦੇ ਨਾਲ ਉਸ ਦੇ ਮਾਤਾ ਪਿਤਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। ਭਾਰਤ ਪਹੁੰਚਣ ਤੋਂ ਬਾਅਦ ਸ਼ਮਾਇਲਾ ਨੇ ਦੱਸਿਆ ਕਿ ਉਹ ਭਾਰਤ ਸਰਕਾਰ ਦੀ ਸ਼ੁਕਰਗੁਜ਼ਾਰ ਹੈ ਕਿ ਜਿਨਾਂ ਨੇ ਉਸ ਨੂੰ ਭਾਰਤ ‘ਚ ਵਿਆਹ ਕਰਵਾਉਣ ਲਈ ਉਸ ਦੇ ਮਾਪਿਆਂ ਨਾਲ ਵੀਜ਼ਾ ਜਾਰੀ ਕੀਤਾ ਹੈ। ਉਸ ਨੇ ਦੱਸਿਆ ਕਿ ਜਲੰਧਰ ਦੇ ਰਹਿਣ ਵਾਲੇ ਕਮਲ ਕਲਿਆਣ ਦੇ ਖ਼ਾਨਦਾਨ ਉਨਾਂ ਦੀ ਰਿਸ਼ਤੇਦਾਰੀ ਸੀ। ਤਿੰਨ ਸਾਲ ਪਹਿਲਾਂ ਉਹ ਇੱਕ ਦੂਜੇ ਦੇ ਪਿਆਰ ‘ਚ ਕੈਦ ਹੋ ਗਏ।
ਉਨ੍ਹਾਂ ਭਾਰਤ ‘ਚ ਵਿਆਹ ਕਰਵਾਉਣ ਲਈ ਲੋੜੀਂਦੀ ਕਾਰਵਾਈ ਲਈ ਜਦੋਂ ਸਰਚ ਸ਼ੁਰੂ ਕੀਤੀ ਤਾਂ ਕਾਦੀਆਂ ਦੇ ਪੱਤਰਕਾਰ ਮਕਬੂਲ ਅਹਿਮਦ ਦੀ ਸਟੋਰੀ ਜਿਨ੍ਹਾਂ ਦਾ ਖ਼ੁਦ ਦਾ ਵਿਆਹ ਪਾਕਿਸਤਾਨ ‘ਚ ਹੋਇਆ ਸੀ ਅਤੇ ਉਸ ਸਮੇਂ ਇਹ ਵਿਆਹ ਕਾਫ਼ੀ ਚਰਚਾ ‘ਚ ਰਿਹਾ ਸੀ ਦੀ ਸਟੋਰੀ ਪੜ੍ਹਨ ਨੂੰ ਮਿਲੀ। ਉਨ੍ਹਾਂ ਨਾਲ ਸ਼ਮਾਇਲਾ ਅਤੇ ਕਮਲ ਦਾ ਰਾਬਤਾ ਚੌਧਰੀ ਮਕਬੂਲ ਨਾਲ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਸਿਆਲਕੋਟ ਦੀ ਕਿਰਨ ਸਰਜੀਤ, ਕਰਾਚੀ ਦੀ ਸੁਮਨ, ਚਿਨੋਟ ਦੀ ਸਫ਼ੂਰਾ ਅਤੇ ਇਕਰਾ ਦੀ ਭਾਰਤ ‘ਚ ਆਕੇ ਵਿਆਹ ਕਰਵਾਉਣ ਦੇ ਲਈ ਵੀਜ਼ਾ ਕਾਰਵਾਈ ‘ਚ ਮਦਦ ਦਿੱਤੀ ਸੀ। ਉਨ੍ਹਾਂ ਦੇ ਕੇਸ ‘ਚ ਵੀ ਉਨ੍ਹਾਂ ਬਹੁਤ ਮਦਦ ਕੀਤੀ। ਉਨ੍ਹਾਂ ਦੀ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਉਹ ਅੱਜ ਭਾਰਤ ‘ਚ ਪਹੁੰਚ ਗਈ ਹੈ। ਦੂਜੇ ਪਾਸੇ ਕਮਲ ਕਲਿਆਣ ਨੇ ਦੱਸਿਆ ਕਿ ਉਹ ਅੱਜ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦੀ ਮੰਗੇਤਰ ਭਾਰਤ ਪਹੁੰਚ ਗਈ ਹੈ। ਉਨ੍ਹਾਂ ਦੇ ਵਿਆਹ ਦੀ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹਿਆਂ ਹਨ। 9 ਜੁਲਾਈ ਨੂੰ ਮਹਿੰਦੀ ਦੀ ਰਸਮ ਹੋਵੇਗੀ। ਅਤੇ 10 ਜੁਲਾਈ ਨੂੰ ਦੁਪਹਿਰ ਨੂੰ ਜਲੰਧਰ ‘ਚ ਵਿਆਹ ਹੋਵੇਗਾ। ਸ਼ਮਾਇਲਾ ਜੋਕਿ ਪਾਕਿਸਤਾਨ ਤੋਂ ਆਪਣੇ ਵਿਆਹ ਦਾ ਬਹੁਤ ਸਾਰਾ ਸਾਮਾਲ ਨਾਲ ਲੈ ਕੇ ਆਈ ਹੈ ਉਸ ਨੂੰ ਵਾਹਗਾ ਬਾਰਡਰ ਤੇ ਕਾਫ਼ੀ ਮੋਟਾ ਟੈਕਸ ਵੀ ਦੇਣਾ ਪਿਆ ਹੈ। ਪਰ ਉਹ ਖ਼ੁਸ਼ ਹੈ ਕਿ ਉਸ ਨੂੰ ਇੱਕ ਲੰਮੀ ਉਡੀਕ ਤੋਂ ਬਾਅਦ ਆਪਣੇ ਪ੍ਰੇਮੀ ਦੇ ਦੀਦਾਰ ਹੋ ਗਏ ਹਨ ਅਤੇ ਉਹ ਵਿਆਹ ਦੇ ਬੰਧਨ ਚ ਬੱਝਣ ਜਾ ਰਹੀ ਹੈ।