ਗੁਰਦਾਸਪੁਰ, 1 ਜੁਲਾਈ (ਮੰਨਣ ਸੈਣੀ)। ਨਿਜੀ ਹਸਪਤਾਲ ‘ਚ ਇਲਾਜ ਦੌਰਾਨ ਔਰਤ ਦੀ ਮੌਤ ਹੋਣ ਦਾ ਮਾਮਲਾ ਠੰਡਾ ਹੋਣ ਦੀ ਬਜਾਏ ਲਗਾਤਾਰ ਭੱਖਦਾ ਜਾ ਰਿਹਾ ਹੈ। ਜਿਸ ਕਾਰਨ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦੂਜੇ ਦਿਨ ਵੀ ਪ੍ਰਾਈਵੇਟ ਹਸਪਤਾਲ ਦੀ ਓਪੀਡੀ ਬੰਦ ਕਰਕੇ ਸਿਵਲ ਹਸਪਤਾਲ ਵਿੱਚ ਧਰਨਾ ਦਿੱਤਾ। ਜਿਸ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਵੀ ਆਪਣਾ ਸਹਿਯੋਗ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦਿੱਤੇ ਸਹਿਯੋਗ ਕਾਰਨ ਹਸਪਤਾਲ ਵਿੱਚ ਆਪਣੇ ਚੈਕਅੱਪ ਅਤੇ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਘੰਟਿਆਂ ਤੱਕ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਡਾਕਟਰਾਂ ਦੇ ਕਮਰੇ ਦੇ ਬਾਹਰ ਬੈਠੇ ਰਹੇ।
ਆਈਐਮਏ ਦੇ ਜ਼ਿਲ੍ਹਾ ਮੁਖੀ ਡਾਕਟਰ ਬੀਐਸ ਬਾਜਵਾ ਨੇ ਕਿਹਾ ਕਿ ਪੁਲੀਸ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲਟ ਡਾਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜੋ ਕਿ ਬਿਲਕੁਲ ਗਲਤ ਹੈ। ਓਪੀਡੀ ਉਦੋਂ ਤੱਕ ਬੰਦ ਰੱਖੀ ਜਾਵੇਗੀ ਜਦੋਂ ਤੱਕ ਪੁਲੀਸ ਉਕਤ ਮਾਮਲੇ ਵਿੱਚ ਧਾਰਾਵਾਂ ਬਦਲ ਕੇ ਡਾਕਟਰਾਂ ਨੂੰ ਰਿਹਾਅ ਨਹੀਂ ਕਰਦੀ। ਇਸ ਸੰਘਰਸ਼ ਵਿੱਚ ਮੈਡੀਕਲ ਸਟੋਰ ਮਾਲਕਾਂ ਅਤੇ ਲੈਬਾਰਟਰੀ ਟੈਕਨੀਸ਼ੀਅਨਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਦੱਸ ਦੇਈਏ ਕਿ ਇਲਾਜ ਦੌਰਾਨ ਇੱਕ ਮਹਿਲਾ ਅਧਿਆਪਕ ਦੀ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਤਿੰਨ ਡਾਕਟਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਡਾਕਟਰਾਂ ਦੇ ਸਮਰਥਨ ‘ਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਸਾਹਮਣੇ ਆਏ। ਜਿਨ੍ਹਾਂ ਨੇ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਬੰਦ ਕਰਕੇ ਰੋਸ ਪ੍ਰਗਟਾਇਆ। ਸ਼ੁੱਕਰਵਾਰ ਨੂੰ ਵੀ ਡਾਕਟਰ ਰਿਹਾਈ ਦੀ ਮੰਗ ‘ਤੇ ਅੜੇ ਰਹੇ।