ਗੁਰਦਾਸਪੁਰ, 16 ਜੂਨ (ਮੰਨਣ ਸੈਣੀ)। ਲਾਇਬ੍ਰੇਰੀ ਰੋਡ ’ਤੇ ਸਥਿਤ ਲੇਬਰ ਸ਼ੈੱਡ ਹੇਠਾ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਰੋਡ ‘ਤੇ ਕੰਮ ਕਰਦੇ ਕਰਮਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ‘ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਧਿਆਨ ਲੇਬਰ ਸ਼ੈੱਡ ਦੇ ਹੇਠਾਂ ਪਏ ਇਕ ਵਿਅਕਤੀ ‘ਤੇ ਪਿਆ ਜੋ ਹਿਲ ਜੁਲ ਨਹੀਂ ਰਿਹਾ ਸੀ।
ਕਾਫੀ ਦੇਰ ਤੱਕ ਜਦੋਂ ਉਸ ਵਿਅਕਤੀ ਨੇ ਕੋਈ ਹਿੱਲ ਜੁਲ ਨਹੀਂ ਕੀਤੀ ਤਾਂ ਉਹ ਉਸ ਕੋਲ ਗਿਆ ਤਾਂ ਦੇਖਿਆ ਕਿ ਵਿਅਕਤੀ ਮਰਿਆ ਪਿਆ ਸੀ। ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਦੂਜੇ ਪਾਸੇ ਥਾਣਾ ਸਿਟੀ ਦੇ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦੀ ਪਛਾਣ ਰਮੇਸ਼ ਵਾਸੀ ਕਾਦੀਆ ਵਜੋਂ ਹੋਈ ਹੈ। ਹਾਲ ਵਿੱਚ ਡਾਕਖਾਨੇ ਦੇ ਪਿੱਛੇ ਵਾਲੀ ਗਲੀ ਵਿੱਚ ਰਹਿੰਦਾ ਸੀ। ਇਸ ਦੀ ਉਮਰ 55 ਦੇ ਕਰੀਬ ਹੈ। ਇਸ ਦੇ ਸ਼ਰੀਰ ‘ਤੇ ਕੋਈ ਨਿਸ਼ਾਨ ਨਹੀਂ ਸਨ। ਇਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।