ਕਿਹਾ -ਚਿਲਡਰਨ ਹੋਮ ਵਿੱਚ ਰਹਿੰਦੇ ਬੱਚਿਆਂ ਨਾਲ ਮਨਾਉਣ ਲੋਕ ਆਪਣਾ ਜਨਮ ਦਿਨ, ਵਰ੍ਹੇਗੰਢ ਆਦਿ
ਗੁਰਦਾਸਪੁਰ, 10 ਜੂਨ (ਮੰਨਣ ਸੈਣੀ)। ਜ਼ਿਲ੍ਹਾ ਵਾਸੀਆਂ ਨੂੰ ਬਾਲ ਘਰ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਂਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਬੱਚਿਆਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਪਰ ਬੱਚਿਆਂ ਨਾਲ ਖੁੱਸ਼ੀ ਦੇ ਪਲ ਬਿਤਾਉਣ ਨਾਲ ਬੱਚਿਆਂ ਜਿੱਥੇ ਖੁਦ ਨੂੰ ਵੀ ਖੁਸ਼ੀ ਮਿਲਦੀ ਹੈ ਉਥੇ ਹੀ ਬੱਚਿਆ ਵਿੱਚ ਵੀ ਮਨੋਬੱਲ ਵੱਧਦਾ ਹੈ । ਇਸ ਲਈ ਲੋਕਾਂ ਨੂੰ ਆਪਣੇ ਜਨਮ ਦਿਨ, ਵਰ੍ਹੇਗੰਢ ਆਦਿ ਚਿਲਡਰਨ ਹੋਮ ਵਿੱਚ ਆ ਕੇ ਮਨਾਉਣ । ਉਕਤ ਅਪੀਲ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੀ। ਮੁਹੰਮਦ ਇਸ਼ਫਾਕ ਚਿਲਡਰਨ ਹੋਮ ਗੁਰਦਾਸਪੁਰ ਵਿੱਚ ਰਹਿ ਰਹੇ ਬੱਚਿਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।
ਸਥਾਨਕ ਜੇਲ੍ਹ ਰੋਡ ‘ਤੇ ਸਥਿਤ ਚਿਲਡਰਨ ਹੋਮ ਵਿਖੇ ਮੀਟਿੰਗ ਕਰਦਿਆਂ ਡੀਸੀ ਨੇ ਜ਼ਿਲ੍ਹਾ ਵਾਸੀਆਂ ਦੇ ਨਾਲ-ਨਾਲ ਦਾਨੀ ਸੱਜਣਾਂ ਨੂੰ ਵੀ ਇਸ ਪਾਸੇ ਧਿਆਨ ਦੇਣ ਅਤੇ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਕਿਹਾ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਚਿਲਡਰਨ ਹੋਮ ਲਈ ਅੱਗੇ ਆਉਣ ਅਤੇ ਦਾਨ ਦੇਣ ਤਾਂ ਜੋ ਬੱਚਿਆਂ ਨੂੰ ਘਰ ਵਰਗੀਆਂ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਚਾਹਵਾਨ ਸੱਜਣ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਚੇਅਰਮੈਨ ਬਾਲ ਭਲਾਈ ਕਮੇਟੀ ਨੂੰ ਦਾਨ ਦੇ ਸਕਦੇ ਹਨ। ਇਸ ਮੀਟਿੰਗ ਦੌਰਾਨ ਇੱਕ ਅਧਿਕਾਰੀ ਨੇ ਮੌਕੇ ’ਤੇ ਕੰਪਿਊਟਰ ਦੇਣ ਦਾ ਐਲਾਨ ਕੀਤਾ ਅਤੇ ਦੂਜੇ ਅਧਿਕਾਰੀ ਨੇ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ। ਮੀਟਿੰਗ ਦੌਰਾਨ ਡੀਸੀ ਨੇ ਦੱਸਿਆ ਕਿ ਚਿਲਡਰਨ ਹੋਮ ਵਿੱਚ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬੱਚਿਆਂ ਦੇ ਖਾਣ-ਪੀਣ ਲਈ ਡਾਈਨਿੰਗ ਟੇਬਲ, ਕੁਰਸੀਆਂ ਸਮੇਤ ਏਅਰ ਕੰਡੀਸ਼ਨਰ, ਕੰਪਿਊਟਰ ਰੂਮ, ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਮੌਜੂਦ ਹਨ। ਬਾਥਰੂਮ ਆਦਿ ਦੀ ਸਫ਼ਾਈ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨਿਯੁਕਤ ਕੀਤੇ ਗਏ | ਇਸ ਦੌਰਾਨ ਐਸਡੀਐਮ ਗੁਰਦਾਸਪੁਰ ਅਮਨਦੀਪ ਕੌਰ ਅਤੇ ਤਹਿਸੀਲਦਾਰ ਜਗਤਾਰ ਸਿੰਘ ਵੀ ਹਾਜ਼ਰ ਸਨ।