ਪੰਜਾਬ ਮੁੱਖ ਖ਼ਬਰ

ਟਰਾਂਸਪੋਰਟ ਮੰਤਰੀ ਦੇ ਆਦੇਸ਼ਾਂ ‘ਤੇ ਸਰਕਾਰੀ ਬੱਸਾਂ ਦੇ ਐਡਵਾਂਸ ਬੁੱਕਰਾਂ ਵਿਰੁੱਧ ਮਾਮਲਾ ਦਰਜ

ਟਰਾਂਸਪੋਰਟ ਮੰਤਰੀ ਦੇ ਆਦੇਸ਼ਾਂ ‘ਤੇ ਸਰਕਾਰੀ ਬੱਸਾਂ ਦੇ ਐਡਵਾਂਸ ਬੁੱਕਰਾਂ ਵਿਰੁੱਧ ਮਾਮਲਾ ਦਰਜ
  • PublishedJune 5, 2022

ਬਠਿੰਡਾ ਕਾਊਂਟਰ ‘ਤੇ ਟਿਕਟਾਂ ਦੀ ਐਡਵਾਂਸ ਬੁਕਿੰਗ ਦੌਰਾਨ ਲਾ ਰਹੇ ਸਨ ਖ਼ਜ਼ਾਨੇ ਨੂੰ ਖੋਰਾ

ਮਈ ਦੇ ਪਹਿਲੇ ਪੰਜ ਦਿਨਾਂ ਦੌਰਾਨ ਕਰੀਬ 3.25 ਲੱਖ ਰੁਪਏ ਦਾ ਘਪਲਾ ਸਾਹਮਣੇ ਆਇਆ

ਲਾਲਜੀਤ ਸਿੰਘ ਭੁੱਲਰ ਵੱਲੋਂ ਪਿਛਲੀਆਂ ਟਿਕਟ ਬੁਕਿੰਗਾਂ ਵੀ ਚੈਕ ਕਰਾਉਣ ਦੇ ਆਦੇਸ਼

ਚੰਡੀਗੜ੍ਹ, 4 ਜੂਨ। ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ‘ਤੇ ਪੀ.ਆਰ.ਟੀ.ਸੀ. ਬਠਿੰਡਾ ਕਾਊਂਟਰ ਦੇ ਐਡਵਾਂਸ ਬੁੱਕਰਾਂ ਵਿਰੁੱਧ ਬਠਿੰਡਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਮੰਤਰੀ ਵੱਲੋਂ ਐਡਵਾਂਸ ਬੁਕਿੰਗ ਦੀਆਂ ਟਿਕਟਾਂ ਦੀ ਪ੍ਰਕਿਰਿਆ ਚੈਕ ਕਰਨ ਦੇ ਆਦੇਸ਼ਾਂ ਪਿੱਛੋਂ ਇਹ ਜਾਂਚ ਕੀਤੀ ਜਾ ਰਹੀ ਸੀ ਜਿਸ ਵਿਚ ਪਾਇਆ ਗਿਆ ਕਿ ਬਠਿੰਡਾ ਕਾਊਂਟਰ ਦੇ ਐਡਵਾਂਸ ਬੁੱਕਰ ਰਾਮ ਸਿੰਘ ਅਤੇ ਸੁਖਪਾਲ ਸਿੰਘ ਟਿਕਟ ਮਸ਼ੀਨਾਂ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਜਾਂਚ ਦੌਰਾਨ ਮਈ ਦੇ ਪਹਿਲੇ ਪੰਜ ਦਿਨਾਂ ਵਿਚ ਹੀ ਕਰੀਬ 3.25 ਲੱਖ ਰੁਪਏ ਦਾ ਫ਼ਰਕ ਮਿਲਿਆ ਹੈ। ਜਿਸ ਪਿੱਛੋਂ ਐਸ.ਐਸ.ਪੀ. ਬਠਿੰਡਾ ਨੂੰ ਮਾਮਲਾ ਦਰਜ ਕਰਨ ਲਈ ਲਿਖਿਆ ਗਿਆ ਸੀ ਅਤੇ ਦੋਸ਼ੀਆਂ ਵਿਰੁੱਧ ਧਾਰਾ 420 ਅਤੇ 409 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਿਛਲੇ ਸਾਰੇ ਅਰਸੇ ਦੌਰਾਨ ਐਡਵਾਂਸ ਟਿਕਟਾਂ ਦੀ ਬੁਕਿੰਗ ਚੈਕ ਕੀਤੀ ਜਾਵੇ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਸੁਚੇਤ ਕੀਤਾ ਕਿ ਉਹ ਈਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਕਿਉਂਕਿ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Written By
The Punjab Wire