ਗੁਰਦਾਸਪੁਰ ਪੰਜਾਬ

ਸੀਪੀਆਈ ਐਮਐਲ ਲਿਬਰੇਸ਼ਨ ਸਮੇਤ ਕਿਸਾਨ ਜਥੇਬੰਦੀਆਂ ਨੇ ਡੀਸੀ ਦਫ਼ਤਰ ਵੱਲ ਕੀਤਾ ਰੋਸ ਮਾਰਚ

ਸੀਪੀਆਈ ਐਮਐਲ ਲਿਬਰੇਸ਼ਨ ਸਮੇਤ ਕਿਸਾਨ ਜਥੇਬੰਦੀਆਂ ਨੇ ਡੀਸੀ ਦਫ਼ਤਰ ਵੱਲ ਕੀਤਾ ਰੋਸ ਮਾਰਚ
  • PublishedJune 4, 2022

ਗੁਰਦਾਸਪੁਰ, 4 ਜੂਨ (ਮੰਨਣ ਸੈਣੀ)। ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਅਤੇ ਆਰ.ਐਮ.ਪੀ.ਆਈ. ਸਮੇਤ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਬੰਦੀ ਸਿੱਖਾਂ ਸਮੇਤ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਲੇਖਕਾਂ ਅਤੇ ਨੌਜਵਾਨਾਂ ਦੀ ਰਿਹਾਈ ਲਈ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ। ਜਿਸ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਡੀਸੀ ਨੂੰ ਮੰਗ ਸੌਂਪਿਆ।

ਇਸ ਮੌਕੇ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਮੱਖਣ ਸਿੰਘ ਕੋਹਾੜ ਅਤੇ ਕਪੂਰ ਸਿੰਘ ਆਦਿ ਨੇ ਕਿਹਾ ਕਿ ਭਾਰਤ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰੇ ਅਤੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਲੇਖਕਾਂ ਅਤੇ ਲੋਕਾਂ ‘ਤੇ ਦਰਜ ਕੀਤੇ ਗਏ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ। ਬਖਤਪੁਰਾ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਬਹੁਤੇ ਸਿੱਖ ਅਤੇ ਝੂਠੇ ਕੇਸਾਂ ਵਿੱਚ ਘੱਟ ਗਿਣਤੀ ਨਾਲ ਸਬੰਧਤ ਹਨ। ਉਨ੍ਹਾਂ ਨੂੰ ਜੇਲ੍ਹਾਂ ਵਿੱਚ ਰੱਖਣਾ ਉਲੰਘਣਾ ਹੈ। ਉਨ੍ਹਾਂ ਮੋਦੀ ਸਰਕਾਰ ‘ਤੇ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਵਾਰ-ਵਾਰ ਸੰਵਿਧਾਨ ਦੀਆਂ ਸੀਮਾਵਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਇਸ ਮੁੱਦੇ ’ਤੇ ਚੁੱਪੀ ਧਾਰੀ ਬੈਠੀ ਹੈ। ਇਸ ਮੌਕੇ ਰਾਸ਼ਟਰਪਤੀ ਦੇ ਨਾਮ ਪੱਤਰ ਡੀਸੀ ਨੂੰ ਸੌਪਿਆ ਜਿਸ ਵਿਚ ਐਮਐਸਪੀ ਲਈ ਕਾਨੂੰਨ ਬਣਾਉਣ, ਲਖੀਮਪੁਰ ਕਤਲੇਆਮ ਵਿੱਚ ਸ਼ਾਮਲ ਦੇਸ਼ ਦੇ ਰਾਜ ਗ੍ਰਹਿ ਮੰਤਰੀ ਨੂੰ ਸਰਕਾਰ ਵਿੱਚੋਂ ਕੱਢਣ ਅਤੇ ਕਤਲ ਦੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਵਿਜੇ ਕੁਮਾਰ, ਰਘੁਬੀਰ ਸਿੰਘ, ਅਸ਼ਵਨੀ ਕੁਮਾਰ, ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਬਲਬੀਰ ਸਿੰਘ, ਕੁਲਜੀਤ ਸਿੰਘ, ਸੁਖਦੇਵ ਆਦਿ ਹਾਜ਼ਰ ਸਨ।

Written By
The Punjab Wire