ਗੁਰਦਾਸਪੁਰ, 4 ਜੂਨ (ਮੰਨਣ ਸੈਣੀ)। ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਗੁਰਦਾਸਪੁਰ ਵਲੋਂ ਸਟੇਟ ਕਮੇਟੀ ਦੇ ਫੈਸਲੇ ਅਨੁੁਸਾਰ ਜਿਲੇ ਦੇ ਵੱਖ ਵੱਖ ਬਲਾਕਾਂ ਦੇ ਸੈਕਟਰ ਹੈਡਕੁਆਰਟਰਾਂ ਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਇਕੱਤਰ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦਾ ਮਿਲਦਾ ਭੱਤਾ ਬੰਦ ਕਰਨ,ਚਿੱਟੇ ਦਾ ਸੇਵਨ ਕਰਦੇ ਵਿਅਕਤੀਆ ਦਾ ਵਰਕਰਾਂ ਪਾਸੋ ਜਬਰੀ ਸਰਵੇਖਣ ਕਰਵਾਉਣ ਅਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਦਿਤੇ ਗਏ ਫਿਕਸ ਭੱਤੇ ਤੇ ਬੇਲੋੜੀਆਂ ਸ਼ਰਤਾ ਲਗਾਉਣ, ਭੱਤੇ ਦਾ ਪੂਰਨ ਰੂਪ ਵਿੱਚ ਬਜਟ ਜਾਰੀ ਨਾ ਕਰਨ ਦੇ ਵਿਰੁੱਧ ਬਲਵਿੰਦਰ ਕੌਰ ਅਲੀ ਸ਼ੇਰ, ਗੁਰਵਿੰਦਰ ਕੌਰ ਬਹਿਰਾਮਪੁਰ ਦੀ ਅਗਵਾਈ ਹੇਠ ਬਲਾਕ ਪੱਧਰ ਤੇ ਆਸ਼ਾ ਵਰਕਰਾਂ ਵਿਰੋਧੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ।
ਜਿਸ ਵਿੱਚ ਮੀਰਾਂ ਕਾਹਨੂੰਵਾਨ, ਗੁਰਵਿੰਦਰ ਕੌਰ ਦੁਰਾਂਗਲਾ ਕਾਂਤਾ ਭੁੱਲਰ ਅੰਚਲ ਮੱਟੂ ਅਤੇ ਵੱਖ ਵੱਖ ਬੁਲਾਰਿਆ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਕਰੋਨਾ ਮਹਾਮਾਰੀ ਦੇ ਵਿਰੁੱਧ ਵੈਕਸੀਨੇਸ਼ਨ ਦੀ ਮੁਹਿੰਮ ਪੂਰੇ ਜੋਰਾਂ ਤੇ ਚਲ ਰਹੀ ਹੈ ਜਿਸ ਵਿੱਚ ਵਰਕਰਾਂ ਪਾਸੋ ਇਸ ਮੁਹਿੰਮ ਨੂੰ ਪੂਰਾ ਕਰਨ ਲਈ ਹਰ ਤਰਾਂ ਦਾ ਕੰਮ ਲਿਆ ਜਾ ਰਿਹਾ ਹੈ ਇਸ ਦੇ ਉਲਟ ਕੇਂਦਰ ਅਤੇ ਪੰਜਾਬ ਸਰਕਾਰ ਵਰਕਰਾ ਨੂੰ ਮਿਲਣ ਵਾਲਾ ਮਿਹਨਤਾਨਾ 31 ਮਾਰਚ ਤੋਂ ਬੰਦ ਕਰਕੇ ਉਹਨਾ ਨਾਲ ਧੱਕਾ ਕਰ ਰਹੀ ਹੈ।ਆਗੂਆ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਜਥੇਬੰਦੀ ਦੇ ਤਿੱਖੇ ਸ਼ੰਘਰਸ਼ਾ ਤੋਂ ਬਾਅਦ ਵਰਕਰਾਂ ਦੇ ਫਿਕਸ ਕੀਤੇ ਪੱਕੇ ਭੱਤੇ 2500 ਰੁ: ਨੂੰ ਦੇਣ ਵਿੱਚ ਬੇਲੋੜੀਆਂ ਸ਼ਰਤਾਂ ਲਗਾ ਕੇ ਇਹ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਇਸ ਭੱਤੇ ਨੂੰ ਦੁੱਗਣਾ ਕਰਨ ਦੀ ਬਜਾਏ ਪਹਿਲਾਂ ਵਾਲਾ ਭੱਤਾ ਖੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਅਗਸਤ ਮਹੀਨੇ ਤੋਂ ਦਿੱਲੀ ਪੈਟਰਨ ਤੇ ਮਹਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਾਰੇ ਲਾਵੇ ਜਾ ਰਹੇ ਹਨ ਪਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਤੌਰ ਤੇ ਜਾਣੀਆ ਜਾਂਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਤਨਖਾਹ ਦੇਣ, ਮੈਡੀਕਲ ਬੀਮਾ, ਪੀ ਐਫ ਕੱਟਣ, ਵਰਦੀਆਂ ਦੇਣ, ਸਟੇਸ਼ਨਰੀ ਆਦਿ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਜਥੇਬੰਦੀ ਵੱਲੋਂ ਕਲ ਸੂਬਾ ਪੱਧਰੀ ਮੀਟਿੰਗ ਅਮ੍ਰਿਤਸਰ ਸਾਹਿਬ ਵਿਖੇ ਬੁਲਾਈ ਹੈ ਜਿਸ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।