ਸਰਕਾਰ ਦੋ ਮਹੀਨਿਆਂ ਵਿੱਚ ਹੀ ਫੇਲ੍ਹ ਸਾਬਤ ਹੋਈ- ਬਰਿੰਦਰਮੀਤ ਪਾਹੜਾ
ਗੁਰਦਾਸਪੁਰ, 29 ਮਈ (ਮੰਨਣ ਸੈਣੀ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸਰਕਾਰ ਵੱਲੋਂ ਲਏ ਜਾ ਰਹੇ ਗਲਤ ਫੈਸਲਿਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅੱਜ ਕਾਂਗਰਸੀ ਆਗੂ ਅਤੇ ਵਿਸ਼ਵ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਕਤਲ ਵੀ ਪੰਜਾਬ ਸਰਕਾਰ ਦੇ ਗਲਤ ਫੈਸਲੇ ਦਾ ਹੀ ਨਤੀਜਾ ਹੈ। ਉਕਤ ਦੋਸ਼ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਜਾਰੀ ਪ੍ਰੈਸ ਬਿਆਨ ਵਿਚ ਲਗਾਏ।
ਪਾਹੜਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਕਈ ਵੱਡੇ ਆਗੂਆਂ ਦੀ ਸੁਰੱਖਿਆ ਵਾਪਸ ਲੈ ਕੇ ਜਨਤਕ ਕਰ ਦਿੱਤੀ ਗਈ ਹੈ। ਜਦਕਿ ਉਕਤ ਆਗੂਆਂ ‘ਚ ਕਈ ਆਗੂ ਅਜਿਹੇ ਸਨ, ਜਿਨ੍ਹਾਂ ਦੀ ਜਾਨ ਨੂੰ ਖਤਰਾ ਹੋਣ ਕਾਰਨ ਸੁਰੱਖਿਆ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਨਾ ਸਿਰਫ ਉਕਤ ਆਗੂਆਂ ਦੀ ਸੁਰੱਖਿਆ ਵਾਪਸ ਲੈ ਕੇ ਉਨ੍ਹਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ, ਸਗੋਂ ਉਨ੍ਹਾਂ ਨੂੰ ਜਨਤਕ ਕਰਕੇ ਉਨ੍ਹਾਂ ਦੇ ਪਿੱਛੇ ਪਏ ਲੋਕਾਂ ਨੂੰ ਇਹ ਸੰਕੇਤ ਦੇ ਦਿੱਤਾ ਕਿ ਹੁਣ ਉਹ ਉਨ੍ਹਾਂ ‘ਤੇ ਆਸਾਨੀ ਨਾਲ ਹਮਲਾ ਕਰ ਸਕਦੇ ਹਨ। ਸਰਕਾਰ ਦੀ ਨਾਕਾਮੀ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਦਿਲ ਧੜਕਣ ਵਾਲਾ ਸਿੱਧੂ ਮੂਸੇਵਾਲਾ ਅੱਜ ਆਪਣੀ ਜਾਨ ਤੋਂ ਹੱਥ ਧੋ ਬੈਠਾ।
ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਸਬਕ ਨਾ ਲਿਆ ਤਾਂ ਆਉਣ ਵਾਲੇ ਦਿਨ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਹੋਰ ਵੀ ਭਿਆਨਕ ਹੋ ਸਕਦੇ ਹਨ। ਪਾਹੜਾ ਨੇ ਕਿਹਾ ਕਿ ਲੋਕਾਂ ਨੇ ਵੱਡੀ ਆਸ ਨਾਲ ਪੰਜਾਬ ਦੀ ਕਮਾਨ ਆਮ ਆਦਮੀ ਪਾਰਟੀ ਨੂੰ ਸੌਂਪੀ ਸੀ ਪਰ ਮਾਨ ਸਰਕਾਰ ਨੇ ਦੋ ਮਹੀਨਿਆਂ ਵਿੱਚ ਹੀ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਚਲਾਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਪੰਜਾਬ ਦੇ ਲੋਕ ਆਪਣੇ ਭਵਿੱਖ ਦੀ ਚਿੰਤਾ ਕਰਨ ਲੱਗ ਪਏ ਹਨ। ਲੋਕਾਂ ਵਿੱਚ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕਿਤੇ ਉਨ੍ਹਾਂ ਨੂੰ ਮੁੜ ਅੱਤਵਾਦ ਦੇ ਪੁਰਾਣੇ ਦੌਰ ਵਿੱਚੋਂ ਗੁਜ਼ਰਨਾ ਨਾ ਪਵੇ। ਪਾਹੜਾ ਨੇ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਅਤੇ ਹੋਰ ਸਬੰਧਤ ਅਧਿਕਾਰੀਆਂ ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇ।