ਗੁਰਦਾਸਪੁਰ, 29 ਮਈ ( ਦ ਪੰਜਾਬ ਵਾਇਰ)। ਕਾਂਗਰਸ ਦੇ ਨੇਤਾ ਅਤੇ ਉਘੇ ਗਾਇਕ ਸਿੱਧੂ ਮੂਸੇਵਾਲਾ ਦੀ ਫਾਇਰਿੰਗ ਵਿੱਚ ਹੋਈ ਮੌਤ ਤੋਂ ਬਾਅਦ ਵਿਰੋਧਿਆ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਪੂਰੀ ਤਰ੍ਹਾ ਘੇਰਾ ਪਾ ਲਿਆ ਹੈ ਅਤੇ ਮੰਗ ਉਠਨੀ ਸੁਰੂ ਹੋ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹਨਾ ਕੋਲ ਗ੍ਰਹਿ ਵਿਭਾਗ ਵੀ ਹੈ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਸ ਸੰਬੰਧੀ ਪੰਜਾਬ ਦੇ ਕਾਂਗਰਸ ਪਾਰਟੀ ਦੇ ਲੀਡਰ ਅਤੇ ਵਿਧਾਨਸਭਾ ਵਿੱਚ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਬੇਹਦ ਤਿੱਖਾ ਬਿਆਨ ਆਇਆ ਹੈ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਹੋਨਹਾਰ ਨੌਜਵਾਨ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਸੀ.ਐਮ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਹੈ ਅਤੇ ਇਸ ਗੱਲ ਦਾ ਸਪੱਸ਼ਟੀਕਰਨ ਚਾਹੀਦਾ ਹੈ ਕਿ ਹਮਲੇ ਤੋਂ ਇਕ ਦਿਨ ਪਹਿਲਾਂ ਕੱਲ੍ਹ ਉਨ੍ਹਾਂ ਦੀ ਸੁਰੱਖਿਆ ਕਿਸ ਆਧਾਰ ‘ਤੇ ਵਾਪਸ ਲੈ ਲਈ ਗਈ ਸੀ। ਮੈਂ ਕੱਲ੍ਹ ਉਸ ਦੇ ਪਰਿਵਾਰ ਨੂੰ ਮਿਲਣ ਲਈ ਉਸ ਦੇ ਪਿੰਡ ਜਾਵਾਂਗਾ ਅਤੇ ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਇਸ ਸਿਆਸੀ ਕਤਲ ਪਿੱਛੇ ਲੋਕਾਂ ਨੂੰ ਫੜ ਕੇ ਸਲਾਖਾਂ ਪਿੱਛੇ ਨਹੀਂ ਸੁੱਟਿਆ ਜਾਂਦਾ।
ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੂੰ ਸਰਕਾਰ ਦੇ ਹਰ ਫੈਸਲੇ ਦੀ ਸ਼ੋਸ਼ੇਬਾਜ਼ੀ ਕਰਨ ਦੀ ਗਲਤੀ ਦਾ ਅੰਜਾਮ ਦੱਸਿਆ ਜੋਂ ਨੌਜਵਾਨ ਸਿੱਧੂ ਮੂਸੇਵਾਲਾ ਨੂੰ ਭੁਗਤਨਾ ਪਿਆ। ਰੰਧਾਵਾ ਵੱਲੋਂ ਕਿਹਾ ਗਿਆ ਕਿ ਪਹਿਲਾ ਸਿਕਯੂਰਿਟੀ ਵਾਪਿਸ ਲੈਕੇ ਤੇ ਉਸਤੋ ਬਾਅਦ ਉਸਨੂੰ ਮੀਡੀਆ ਚ ਜਨਤਕ ਕਰਨਾ ਸਰਕਾਰ ਦੀ ਦੂਜੀ ਗਲਤੀ ਸੀ।ਪੰਜਾਬ ਦੀ ਸ਼ਾਂਤੀ ਨਾਲ ਸਰਕਾਰ ਖਿਲਵਾੜ ਕਰਨਾ ਬੰਦ ਕਰੇ।ਮੈਂ ਵਾਹਿਗੁਰੂ ਅੱਗੇ ਸਿੱਧੂ ਦੀ ਰੂਹ ਦੀ ਸ਼ਾਂਤੀ ਦੀ ਅਰਦਾਸ ਕਰਦਾ ਹਾਂ।
ਇਸੇ ਤਰ੍ਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਇੰਸਾਫ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਹੈਰਾਨ ਕਰਨ ਵਾਲਾ ਹੈ। ਦੁਖੀ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। @AAPPunjab ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪੰਜਾਬ ‘ਚ ਕੋਈ ਵੀ ਸੁਰੱਖਿਅਤ ਨਹੀਂ
ਇਸੇ ਤਰ੍ਹਾ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਆਗੂ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਆਮ ਆਦਮੀ ਪਾਰਟੀ ਨੂੰ ਸਸਤੀ ਪ੍ਰਚਾਰ ਹਾਸਲ ਕਰਨ ਲਈ ਸੁਰੱਖਿਆ ਮੁੱਦਿਆਂ ਨਾਲ ਛੇੜਛਾੜ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣ ਕੇ ਹੈਰਾਨ ਹਾਂ। ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਹਮਦਰਦੀ। ਜਿੰਮੇਵਾਰਾਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ। ਇਹ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗਾੜ ਨੂੰ ਦਰਸਾਉਂਦਾ ਹੈ।