ਲੋਕ, ਕਾਲੋਨੀ ਵਿਚ ਪਲਾਟ ਖਰੀਦਣ ਤੋ ਪਹਿਲਾਂ ਕਾਲੋਨਾਈਜ਼ਰ ਕੋਲੋਂ ਕਾਲੋਨੀ ਪਾਸ ਦਾ ਸਰਟੀਫਿਕੇਟ/ ਲਾਇਸੰਸ ਜਰੂਰ ਚੈੱਕ ਕਰਨ
ਗੁਰਦਾਸਪੁਰ, 26 ਮਈ ( ਮੰਨਣ ਸੈਣੀ ) । ਡਾ. ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ-ਕਮ-ਜਨਰਲ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤਹਿਤ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਰੈਗੂਲੇਟਰੀ ਵਿੰਗ ਵਲੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਦਿਸ਼ਾ-ਨਿਰਦੇਸਾਂ ਹੇਠ ਜ਼ਿਲੇ ਅੰਦਰ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਰੈਗੂਲੇਟਰੀ ਵਿੰਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਜਿਨਾਂ ਕਾਲੋਨਾਈਜ਼ਰਾਂ ਵਲੋਂ 2018 ਦੀ ਪਾਲਿਸੀ (The Punjab Laws (Special Provisions for regularization of unauthorised colonies-Act 2018 ) ਤਹਿਤ ਕਾਲੋਨੀ ਅਪਰੂਵਡ ਜਾਂ ਲਾਇੰਸਸ ਲੈਣ ਲਈ ਅਪਲਾਈ ਕੀਤਾ ਹੋਇਆ ਹੈ, ਉਨਾਂ ਪੈਡਿੰਗ ਕੇਸਾਂ ਨੂੰ ਇੱਕ ਮਹੀਨੇ ਦੇ ਅੰਦਰ ਨਿਪਟਾਉਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਸਬੰਧੀ ਸਬੰਧਤ ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਉਨਾਂ ਅੱਗੇ ਕਿਹਾ ਕਿ ਕਾਲੋਨੀ ਦਾ ਨਿਰਮਾਣ ਕਰਨ ਤੋਂ ਪਹਿਲਾਂ ਕਾਲੋਨਾਈਜ਼ਰਾਂ ਨੂੰ ਕਾਲੋਨੀ ਪਾਸ ਕਰਵਾਉਣ ਲਈ ਆਪਣਾ ਕੇਸ ਅਪਲਾਈ ਕਰਨਾ ਪਵੇਗਾ ਅਤੇ ਵਿਭਾਗ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕਾਲੋਨੀ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਅਣ-ਅਧਿਕਾਰਤ ਕਾਲੋਨੀਆਂ ਨਾਲ ਜਿਥੇ ਸਰਕਾਰ ਨੂੰ ਰੈਵਨਿਊ ਦਾ ਨੁਕਸਾਨ ਹੁੰਦਾ ਹੈ, ਓਥੇ ਲੋਕ ਬੇਸਿਕ ਸੁਵਿਧਾਵਾਂ ਲੈਣ ਤੋਂ ਵੀ ਵਾਂਝੇ ਰਹਿੰਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਲੋਨੀ ਵਿਚ ਪਲਾਟ ਖਰੀਦਣ ਤੋ ਪਹਿਲਾਂ ਕਾਲੋਨਾਈਜ਼ਰ ਕੋਲੋਂ ਕਾਲੋਨੀ ਪਾਸ ਦਾ ਸਰਟੀਫਿਕੇਟ/ ਲਾਇਸੰਸ ਜਰੂਰ ਚੈੱਕ ਕਰਨ, ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਜ਼ਿਕਰਯੋਗ ਹੈ ਜ਼ਿਲ੍ਹੇ ਗੁਰਦਾਸਪੁਰ ਅੰਦਰ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਰੈਗੂਲੇਟਰੀ ਵਿੰਗ ਵਲੋਂ ਸਖ਼ਤ ਅਭਿਆਨ ਵਿੱਢਿਆ ਹੋਇਆ ਹੈ ਅਤੇ ਅਣ-ਅਧਿਕਾਰਤ ਕਾਲੋਨੀਆਂ ਦਾ ਮੌਕੇ ’ਤੇ ਕੰਮ ਬੰਦ ਕਰਵਾ ਕੇ ਉਕਤ ਕਾਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।